ਆਸਾਰਾਮ 'ਤੇ ਫ਼ੈਸਲਾ 25 ਨੂੰ, ਜੋਧਪੁਰ 'ਚ 10 ਦਿਨਾਂ ਲਈ ਧਾਰਾ 144 ਲਾਗੂ
ਆਸਾਰਾਮ ਵਿਰੁਧ ਬਲਾਤਕਾਰ ਦੇ ਮਾਮਲੇ ਵਿਚ ਹੇਠਲੀ ਅਦਾਲਤ ਵਲੋਂ 25 ਅਪ੍ਰੈਲ ਨੂੰ ਫ਼ੈਸਲਾ ਸੁਣਾਇਆ ਜਾਵੇਗਾ। ਇਸ ਦੇ ਮੱਦੇਨਜ਼ਰ ਆਸਾਰਾਮ ਦੇ ...
ਜੋਧਪੁਰ: ਆਸਾਰਾਮ ਵਿਰੁਧ ਬਲਾਤਕਾਰ ਦੇ ਮਾਮਲੇ ਵਿਚ ਹੇਠਲੀ ਅਦਾਲਤ ਵਲੋਂ 25 ਅਪ੍ਰੈਲ ਨੂੰ ਫ਼ੈਸਲਾ ਸੁਣਾਇਆ ਜਾਵੇਗਾ। ਇਸ ਦੇ ਮੱਦੇਨਜ਼ਰ ਆਸਾਰਾਮ ਦੇ ਪੈਰੋਕਾਰਾਂ ਨੂੰ ਰੋਕਣ ਲਈ ਸ਼ਹਿਰ ਵਿਚ ਧਾਰਾ 144 ਲਗਾਈ ਗਈ ਹੈ। ਪੁਲਿਸ ਅਨੁਸਾਰ ਸ਼ਹਿਰ ਵਿਚ ਸੀਆਰਪੀਸੀ ਦੀ ਧਾਰਾ 144 ਤਹਿਤ ਪਾਬੰਦੀਆਂ 30 ਅਪ੍ਰੈਲ ਸ਼ਾਮ ਤਕ ਲਾਗੂ ਰਹਿਣਗੀਆਂ।
ਰਾਜਸਥਾਨ ਹਾਈ ਕੋਰਟ ਨੇ ਸੂਬਾਈ ਪੁਲਿਸ ਦੀ ਉਸ ਅਰਜ਼ੀ ਨੂੰ ਮਨਜ਼ੂਰੀ ਦੇ ਦਿਤੀ ਸੀ, ਜਿਸ ਵਿਚ ਮਾਮਲੇ ਵਿਚ ਫ਼ੈਸਲਾ ਜੋਧਪੁਰ ਕੇਂਦਰੀ ਜੇਲ੍ਹ ਤੋਂ ਹੀ ਸੁਣਾਏ ਜਾਣ ਦੀ ਬੇਨਤੀ ਕੀਤੀ ਗਈ ਸੀ। ਆਸਾਰਾਮ ਬਲਾਤਕਾਰ ਦੇ ਦੋਸ਼ ਵਿਚ ਇਸੇ ਜੇਲ੍ਹ ਵਿਚ ਬੰਦ ਹੈ। ਤੁਹਾਨੂੰ ਦਸ ਦਈਏ ਕਿ ਇਸੇ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ ਆਸਾਰਾਮ ਵਿਰੁਧ 2012 ਦੇ ਬਲਾਤਕਾਰ ਮਾਮਲੇ ਵਿਚ ਅੰਤਮ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ ਜੋਧਪੁਰ ਦੀ ਅਦਾਲਤ ਨੇ ਅਪਣਾ ਫ਼ੈਸਲਾ ਸੁਰੱਖਿਅਤ ਰਖ ਲਿਆ ਸੀ।
ਦਸ ਦਈਏ ਕਿ 2012 ਵਿਚ 16 ਸਾਲਾਂ ਦੀ ਇਕ ਲੜਕੀ ਨੇ ਆਸਾਰਾਮ 'ਤੇ ਉਨ੍ਹਾਂ ਦੇ ਜੋਧਪੁਰ ਆਸ਼ਰਮ ਵਿਚ ਬਲਾਤਕਾਰ ਕੀਤੇ ਜਾਣ ਦਾ ਦੋਸ਼ ਲਗਾਇਆ ਸੀ। ਇਹ ਮਾਮਲਾ ਦਿੱਲੀ ਦੇ ਕਮਲਾ ਮਾਰਕੀਟ ਥਾਣੇ ਵਿਚ ਦਰਜ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਆਸਾਰਾਮ ਨੂੰ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ ਸੀ। ਫਿ਼ਰ ਮਾਮਲੇ ਨੂੰ ਜੋਧਪੁਰ ਤਬਦੀਲ ਕਰ ਦਿਤਾ ਗਿਆ ਸੀ।
ਆਸਾਰਾਮ ਵਿਰੁਧ ਇਸ ਮਾਮਲੇ ਵਿਚ ਆਈਪੀਸੀ ਦੀ ਧਾਰਾ 376, 342, 506 ਅਤੇ ਪੋਕਸੋ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਵਿਚ ਅਦਾਲਤ ਆਸਾਰਾਮ ਦੀ ਜ਼ਮਾਨਤ ਅਰਜ਼ੀ ਵੀ ਕਈ ਵਾਰ ਖ਼ਾਰਜ ਕਰ ਚੁੱਕੀ ਹੈ।