ਛੁੱਟੀ ਨਾ ਮਿਲਣ 'ਤੇ ਆਈਆਰਬੀ ਜਵਾਨ ਨੇ ਮਾਰੀ ਅਪਣੇ ਸੀਨੀਅਰ ਨੂੰ ਗੋਲੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੁੱਟੀ ਨੂੰ ਲੈ ਕੇ ਹੋਏ ਝਗੜੇ ਕਾਰਨ ਆਈਆਰਬੀ ਹੌਲਦਾਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਪੁਲਿਸ ਜਵਾਨ ਨੂੰ ਹਥਿਆਰ ਸਮੇਤ ....

IRB jawan shot his senior

ਗੜਵਾ (ਝਾਰਖੰਡ) : ਛੁੱਟੀ ਨੂੰ ਲੈ ਕੇ ਹੋਏ ਝਗੜੇ ਕਾਰਨ ਆਈਆਰਬੀ ਹੌਲਦਾਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਪੁਲਿਸ ਜਵਾਨ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੜਵਾ ਦੇ ਡੀਐਸਪੀ ਸੰਦੀਪ ਗੁਪਤਾ ਨੇ ਦਸਿਆ ਕਿ ਸਥਾਨਕ ਮਾਝੀਆਂਵ ਰੋਡ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਸ਼ਨਿਚਰਵਾਰ ਸਵੇਰੇ ਆਈਆਰਬੀ ਦੇ ਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ, ਜੋ ਬਿਹਾਰ ਦਾ ਰਹਿਣ ਵਾਲਾ ਸੀ।

ਦਸਣਯੋਗ ਹੈ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਪੇਟੀਆਂ ਦੀ ਸੰਭਾਲ ਲਈ ਸ੍ਰਟਾਂਗ ਰੂਮ ਵਿਚ ਸੁਰੱਖਿਆ ਕਰਮਚਾਰੀ ਹਾਜ਼ਰ ਸਨ। ਇਸੇ ਦੌਰਾਨ ਲੋਕਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਜਦੋਂ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਥੇ ਹੌਲਦਾਰ ਅਫ਼ਰੋਜ਼ ਸ਼ਮਦ ਲਹੂ ਲੁਹਾਣ ਹਾਲਤ ਵਿਚ ਪਿਆ ਸੀ। ਇਸੇ ਦੌਰਾਨ ਕੁੱਝ ਲੋਕਾਂ ਨੇ ਮੁਕਤੀ ਨਰਾਇਣ ਨਾਂਅ ਦੇ ਇਕ ਜਵਾਨ ਨੂੰ ਰਾਈਫ਼ਲ ਸਮੇਤ ਭੱਜਦੇ ਹੋਏ ਦੇਖਿਆ।

ਘਟਨਾ ਦਾ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਪੁਲਿਸ ਜਵਾਨ ਨੇ ਆਈਆਰਬੀ ਹੌਲਦਾਰ ਤੋਂ ਛੁੱਟੀ ਮੰਗੀ ਸੀ, ਜਿਸ ਤੋਂ ਹੌਲਦਾਰ ਨੇ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਗੁੱਸੇ ਵਿਚ ਆ ਕੇ ਮੁਕਤੀ ਨਰਾਇਣ ਨੇ ਅਪਣੀ ਸਰਵਿਸ ਰਾਈਫ਼ਲ ਨਾਲ ਹੌਲਦਾਰ ਦਾ ਕਤਲ ਕਰ ਦਿਤਾ ਅਤੇ ਹਥਿਆਰ ਲੈ ਕੇ ਭੱਜ ਗਿਆ। 

ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ ਮੁਹੰਮਦ ਅਰਸ਼ੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਘਟਨਾ ਸਥਾਨ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਐਸਪੀ ਨੇ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਅਧਿਕਾਰੀਆਂ ਨੂੰ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਜ਼ਰੂਰੀ ਆਦੇਸ਼ ਦਿਤੇ। ਅੰਤ ਪੁਲਿਸ ਨੇ ਦੋਸ਼ੀ ਨੂੰ ਘਟਨਾ ਦੇ ਕੁੱਝ ਸਮੇਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ, ਜਿਸ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ।