ਕਠੂਆ ਸਮੂਹਕ ਬਲਾਤਕਾਰ ਮਾਮਲਾ - ਦੇਸ਼ ਭਰ 'ਚ ਪ੍ਰਦਰਸ਼ਨ ਜਾਰੀ, ਪਛਮੀ ਬੰਗਾਲ 'ਚ ਰੋਕੀ ਰੇਲਗੱਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ 'ਚ ਇੰਟਰਨੈੱਟ ਸੇਵਾਵਾਂ ਬੰਦ

Kathua gang rape case

 ਕਠੂਆ ਸਮੂਹਕ ਬਲਾਤਕਾਰ ਮਾਮਲੇ ਸਮੇਤ ਦੇਸ਼ 'ਚ ਨਿੱਤ ਦਿਨ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਸੁਣ ਕੇ ਲੋਕਾਂ ਦਾ ਗੁੱਸਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਵੀ ਦੇਸ਼ ਦੇ ਕਈ ਹਿੱਸਿਆਂ 'ਚ ਬੱਚੀਆਂ ਨਾਲ ਦਰਿੰਦਗੀ ਵਿਰੁਧ ਪ੍ਰਦਰਸ਼ਨ ਹੋਏ। ਪਛਮੀ ਬੰਗਾਲ ਦੇ ਹਾਵੜਾ ਨੇੜੇ ਵੱਡੀ ਗਿਣਤੀ 'ਚ ਲੋਕਾਂ ਨੇ ਕਠੂਆ ਬਲਾਤਕਾਰ ਮਾਮਲੇ 'ਚ ਨਿਆਂ ਦੀ ਮੰਗ ਕਰਦਿਆਂ ਛੇਂਗੈਲ ਰੇਲਵੇ ਸਟੇਸ਼ਨ ਨੂੰ ਜਾਮ ਕਰ ਦਿਤਾ। ਰੇਲ ਜਾਮ ਸਵੇਰੇ ਸੱਤ ਵਜੇ ਸ਼ੁਰੂ ਕੀਤਾ ਗਿਆ ਜਿਸ ਨਾਲ ਰੇਲ ਸੇਵਾ ਰੁਕੀ ਰਹੀ। ਰੇਲਵੇ ਅਧਿਕਾਰੀ ਨੇ ਕਿਹਾ ਕਿ ਗੱਲਬਾਤ ਮਗਰੋਂ 11 ਵਜੇ ਜਾਮ ਖੁਲ੍ਹਵਾਇਆ ਜਾ ਸਕਿਆ। ਇਸੇ ਮੰਗ ਨੂੰ ਲੈ ਕੇ ਕੁੱਝ ਲੋਕਾਂ ਨੇ ਸਵੇਰੇ ਛੇ ਵਜੇ ਤਕ ਨਿਮਡੀਹੀ ਨੇੜੇ ਰਾਸ਼ਟਰੀ ਰਾਜਮਾਰਗ ਨੰਬਰ ਛੇ ਨੂੰ ਵੀ ਜਾਮ ਕਰ ਦਿਤਾ, ਜਿਸ ਨੂੰ ਪੁਲਿਸ ਦੇ ਦਖ਼ਲ ਤੋਂ ਬਾਅਦ ਖੁਲ੍ਹਵਾਇਆ ਗਿਆ। 

ਉਧਰ ਨਿੱਤ ਹੁੰਦੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਅਫ਼ਵਾਹਾਂ ਫੈਲਾਉਣ 'ਤੇ ਪਾਬੰਦੀ ਲਾਉਣ ਲਈ ਸ੍ਰੀਨਗਰ 'ਚ ਮੋਬਾਈਲ ਇੰਟਰਨੈੱਟ ਸੇਵਾ ਅਸਥਾਈ ਤੌਰ 'ਤੇ ਮੁਅੱਤਲ ਕਰ ਦਿਤੀ ਗਈ ਜਦਕਿ ਦਖਣੀ ਕਸ਼ਮੀਰ ਦੇ ਕਈ ਹਿੱਸਿਆਂ 'ਚ ਤੇਜ਼ ਗਤੀ ਨੈੱਟਵਰਕ ਦੀ ਰਫ਼ਤਾਰ ਘੱਟ ਕਰ ਦਿਤੀ ਗਈ ਹੈ। ਹਾਲਾਂਕਿ ਵਾਦੀ ਦੇ ਬਾਕੀ ਹਿੱਸਿਆਂ 'ਚ ਮੋਬਾਈਲ ਇੰਟਰਨੈੱਟ ਸੇਵਾ ਆਮ ਵਾਂਗ ਹੀ ਹੈ। ਮੁੰਬਈ ਫ਼ਿਲਮਾਂ ਦੀਆਂ ਕਹਾਣੀ ਲਿਖਣ ਵਾਲੇ ਮਸ਼ਹੂਰ ਲੇਖਕ ਜਾਵੇਦ ਅਖਤਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਡਰ ਲੱਗ ਰਿਹਾ ਹੈ ਕਿ ਬੁਰੀਆਂ ਘਟਨਾਵਾਂ ਬਹੁਤ ਛੇਤੀ-ਛੇਤੀ ਹੋਣ ਲਗੀਆਂ ਹਨ ਅਤੇ ਲੋਕਾਂ ਨੂੰ ਇਸ ਨੂੰ ਲੈ ਕੇ ਚਿੰਤਤ ਹੋਣਾ ਚਾਹੀਦਾ ਹੈ।   (ਪੀਟੀਆਈ)