ਸੰਕਟ ਟਲਣ ਮਗਰੋਂ ਉਡਾਣਾਂ ਚਲਣਗੀਆਂ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੌਮੀ ਅਤੇ ਅੰਤਰਰਾਸ਼ਟਰੀ ਉਡਾਣਾਂ ’ਤੇ ਰੋਕ ਸਰਕਾਰ ਦੁਆਰਾ ਇਹ ਯਕੀਨੀ ਕਰਨ ਮਗਰੋਂ ਹੀ ਹਟਾਈ
ਨਵੀਂ ਦਿੱਲੀ, 20 ਅਪ੍ਰੈਲ : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੌਮੀ ਅਤੇ ਅੰਤਰਰਾਸ਼ਟਰੀ ਉਡਾਣਾਂ ’ਤੇ ਰੋਕ ਸਰਕਾਰ ਦੁਆਰਾ ਇਹ ਯਕੀਨੀ ਕਰਨ ਮਗਰੋਂ ਹੀ ਹਟਾਈ ਜਾਵੇਗੀ ਕਿ ਕੋਰੋਨਾ ਵਾਇਰਸ ਮਹਾਮਾਰੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਸਾਡੇ ਦੇਸ਼ ਤੇ ਲੋਕਾਂ ਨੂੰ ਕੋਈ ਖ਼ਤਰਾ ਨਹੀਂ। ਕੁੱਝ ਏਅਰਲਾਈਨ ਕੰਪਨੀਆਂ ਦੇ ਟਿਕਟ ਬੁਕ ਕਰਨ ਦੀਆਂ ਖ਼ਬਰਾਂ ਵਿਚਾਲੇ ਪੁਰੀ ਨੇ ਇਹ ਬਿਆਨ ਦਿਤਾ।
ਮੰਤਰੀ ਨੇ ਟਵਿਟਰ ’ਤੇ ਕਿਹਾ ਕਿ ਐਤਵਾਰ ਨੂੰ ਏਅਰਲਾਈਨਾਂ ਨੂੰ ਜਾਰੀ ਨਿਰਦੇਸ਼ਾਂ ਵਿਚ ਉਨ੍ਹਾਂ ਨੂੰ ਟਿਕਟਾਂ ਬੁਕ ਨਾ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਇਸ ਸਬੰਧ ਵਿਚ ਉਨ੍ਹਾਂ ਸਰਕਾਰ ਇਸ ਮਾਮਲੇ ਵਿਚ ਸਰਕਾਰ ਦੀ ਸਲਾਹ ਨਹੀਂ ਮੰਨੀ ਸੀ। ਉਨ੍ਹਾਂ ਟਵਿਟਰ ’ਤੇ ਕਿਹਾ, ‘ਮੈਂ ਇਕ ਵਾਰ ਫਿਰ ਕਹਿਣਾ ਚਾਹੁੰਦਾ ਹਾਂ ਕਿ ਕੋਵਿਡ-19 ਨਾਲ ਸਿੱਝਣ ਦੀ ਲੜਾਈ ਵਿਚ ਉਡਾਣਾਂ ’ਤੇ ਲੱਗੀ ਰੋਕ ਇਹ ਯਕੀਨੀ ਹੋਣ ਮਗਰੋਂ ਹੀ ਹਟਾਈ ਜਾਵੇਗੀ ਕਿ ਵਾਇਰਸ ਹੁਣ ਕੰਟਰੋਲ ਵਿਚ ਹੈ ਅਤੇ ਇਸ ਨਾਲ ਸਾਡੇ ਦੇਸ਼ ਅਤੇ ਲੋਕਾਂ ਨੂੰ ਕੋਈ ਖ਼ਤਰਾ ਨਹੀਂ।’
ਮੰਤਰੀ ਨੇ ਕਿਹਾ, ‘ਕੁੱਝ ਏਅਰਲਾਈਨ ਕੰਪਨੀਆਂ ਨੇ ਸਾਡੀ ਸਲਾਹ ਲਏ ਬਿਨਾਂ ਹੀ ਬੁਕਿੰਗ ਸ਼ੁਰੂ ਕਰ ਦਿਤੀ ਅਤੇ ਲੋਕਾਂ ਕੋਲੋਂ ਪੈਸੇ ਲੈਣੇ ਸ਼ੁਰੂ ਕਰ ਦਿਤੇ, ਇਸ ਲਈ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ 19 ਅਪ੍ਰੈਲ ਨੂੰ ਨਿਰਦੇਸ਼ ਜਾਰੀ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਬੁਕਿੰਗ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਢੁਕਵਾਂ ਨੋਟਿਸ ਅਤੇ ਲੋੜੀਂਦਾ ਸਮਾਂ ਦਿਤਾ ਜਾਵੇਗਾ। ਸਰਕਾਰੀ ਏਅਰਲਾਈਨ ਕੰਪਨੀ ‘ਏਅਰ ਇੰਡੀਆ’ ਨੇ ਸਰਕਾਰ ਦੀ ਸਲਾਹ ਮਗਰੋਂ ਬੁਕਿੰਗ ਬੰਦ ਕਰ ਦਿਤੀ ਸੀ ਪਰ ਨਿਜੀ ਏਅਰਲਾਈਨਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਕੇ ਤਿੰਨ ਮਈ ਦੇ ਬਾਅਦ ਲਈ ਟਿਕਟ ਬੁਕਿੰਗ ਜਾਰੀ ਰੱਖੀ ਜਿਸ ਕਾਰਨ ਡੀਜੀਸੀਏ ਨੂੰ ਐਤਵਾਰ ਨੂੰ ਨਿਰਦੇਸ਼ ਜਾਰੀ ਕਰਨਾ ਪਿਆ। (ਏਜੰਸੀ)