ਯੂਪੀ ਦੇ ਮੁੱਖ ਮੰਤਰੀ ਯੋਗੀ ਦੇ ਪਿਤਾ ਦਾ ਏਮਜ਼ ਵਿਚ ਦਿਹਾਂਤ
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਪਿਤਾ ਆਨੰਦ ਬਿਸ਼ਟ ਦਾ ਸੋਮਵਾਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਿਹਾਂਤ ਹੋ ਗਿਆ। ਏਮਜ਼ ਦੇ ਬੁਲਾਰੇ
ਨਵੀਂ ਦਿੱਲੀ/ਲਖਨਊ, 20 ਅਪ੍ਰੈਲ : ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਪਿਤਾ ਆਨੰਦ ਬਿਸ਼ਟ ਦਾ ਸੋਮਵਾਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਿਹਾਂਤ ਹੋ ਗਿਆ। ਏਮਜ਼ ਦੇ ਬੁਲਾਰੇ ਨੇ ਦਸਿਆ ਕਿ 87 ਸਾਲਾ ਬਿਸ਼ਟ ਜਿਗਰ ਦੀ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਨੂੰ ਉਤਰਾਖੰਡ ਦੇ ਰਿਸ਼ੀਕੇਸ਼ ਵਿਚ ਪੈਂਦੇ ਏਮਜ਼ ਹਸਪਤਾਲ ਤੋਂ 13 ਮਾਰਚ ਨੂੰ ਏਮਜ਼ ਦਿੱਲੀ ਵਿਚ ਦਾਖ਼ਲ ਕਰਾਇਆ ਗਿਆ ਸੀ।
ਬੁਲਾਰੇ ਨੇ ਦਸਿਆ ਕਿ ਤਬੀਅਤ ਵਿਚ ਸੁਧਾਰ ਨਾ ਹੋਣ ’ਤੇ ਉਨ੍ਹਾਂ ਨੂੰ ਇਕ ਅਪ੍ਰੈਲ ਨੂੰ ਵੈਂਟੀਲੇਟਰ ’ਤੇ ਰਖਿਆ ਗਿਆ ਸੀ। ਕੁੱਝ ਦਿਨ ਪਹਿਲਾਂ ਕਿਡਨੀ ਸਣੇ ਸਰੀਰ ਦੇ ਹੋਰ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿਤਾ ਸੀ ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈਸੀ। ਬਿਸ਼ਟ ਨੇ ਸੋਮਵਾਰ ਸਵੇਰੇ ਲਗਭਗ ਪੌਣੇ ਗਿਆਰਾਂ ਵਜੇ ਆਖ਼ਰੀ ਸਾਹ ਲਿਆ।
ਉਧਰ, ਯੂਪੀ ਦੇ ਸੂਚਨਾ ਵਿਭਾਗ ਦੇ ਡਾਇਰੈਕਟਰ ਸ਼ਿਸ਼ਿਰ ਨੇ ਦਸਿਆ ਕਿ ਜਦ ਮੁੱਖ ਮੰਤਰੀ ਨੂੰ ਅਪਣੇ ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਉਹ ਲਖਨਊੁ ਵਿਚ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਸਨ ਪਰ ਉਨ੍ਹਾਂ ਕੋਰ ਟੀਮ ਦੇ ਅਧਿਕਾਰੀਆਂ ਨਾਲ ਬੈਠਕ ਜਾਰੀ 45 ਮਿੰਟ ਜਾਰੀ ਰੱਖੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਕਾਰਨ ਅਪਣੀਆਂ ਜ਼ਿੰਮੇਵਾਰੀਆਂ ਅਤੇ ਹੋਰ ਨਾਟਾਲਣਯੋਗ ਕਾਰਨਾਂ ਕਰ ਕੇ ਅਪਣੇ ਪਿਤਾ ਦੇ ਅੰਤਮ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕਦੇ। (ਏਜੰਸੀ)