ਡਿਜੀਟਲ ਇੰਡੀਆ: ਕੜਕਦੀ ਧੁੱਪ 'ਚ ਸੜਕ 'ਤੇ ਨੰਗੇ ਪੈਰ ਤੁਰ ਕੇ ਪੈਨਸ਼ਨ ਲੈਣ ਜਾ ਰਹੀ ਬਜ਼ੁਰਗ ਮਾਤਾ
ਬਜ਼ੁਰਗ ਟੁੱਟੀ ਹੋਈ ਕੁਰਸੀ ਦੇ ਸਹਾਰੇ ਜਾ ਰਹੀ ਬੈਂਕ
ਨਬਰੰਗਪੁਰ: ਪੂਰੇ ਦੇਸ਼ ਵਿੱਚ ਇਨ੍ਹੀਂ ਦਿਨੀਂ ਗਰਮੀ ਪੈ ਰਹੀ ਹੈ। ਗਰਮੀ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਰਿਹਾ ਹੈ। ਗਰਮੀ ਕਾਰਨ ਜਿੱਥੇ ਪਸ਼ੂ-ਪੰਛੀ ਮੁਸੀਬਤ ਝੱਲ ਰਹੇ ਹਨ, ਉੱਥੇ ਹੀ ਮਨੁੱਖਾਂ ਦਾ ਵੀ ਬੁਰਾ ਹਾਲ ਹੈ। ਇਸ ਦੌਰਾਨ ਓਡੀਸ਼ਾ ਤੋਂ ਸਾਹਮਣੇ ਆਇਆ ਇੱਕ ਵੀਡੀਓ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਭਾਵੁਕ ਹੋ ਰਹੇ ਹਨ। ਇਸ ਦੇ ਨਾਲ ਹੀ ਦੇਸ਼ ਦੇ ਸਿਸਟਮ 'ਤੇ ਵੀ ਸਵਾਲ ਉੱਠ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਬਜ਼ੁਰਗ ਔਰਤ ਟੁੱਟੀ ਹੋਈ ਕੁਰਸੀ ਦੇ ਸਹਾਰੇ ਕੜਕਦੀ ਧੁੱਪ 'ਚ ਸੜਕ 'ਤੇ ਤੁਰ ਰਹੀ ਹੈ। ਦਰਅਸਲ ਬਜ਼ੁਰਗ ਔਰਤ ਨੇ ਆਪਣੀ ਪੈਨਸ਼ਨ ਦੇ ਪੈਸੇ ਕਢਵਾਉਣੇ ਸਨ।
ਇਹ ਵੀ ਪੜ੍ਹੋ: ਲੁਧਿਆਣਾ 'ਚ ਨਵ-ਵਿਆਹੁਤਾ ਦੀ ਸ਼ੱਕੀ ਹਾਲਤ 'ਚ ਮੌਤ, 10 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਇਸ ਲਈ ਬਜ਼ੁਰਗ ਔਰਤ ਨੂੰ ਇਸ ਤਰ੍ਹਾਂ ਬੈਂਕ ਜਾਣਾ ਪਿਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।
ਵੀਡੀਓ 'ਚ ਨਜ਼ਰ ਆ ਰਹੀ ਬਜ਼ੁਰਗ ਔਰਤ ਦੀ ਪਛਾਣ ਸੂਰਿਆ ਹਰੀਜਨ ਵਜੋਂ ਹੋਈ ਹੈ। ਇਹ ਵੀਡੀਓ ਉੜੀਸਾ ਦੇ ਨਬਰੰਗਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ 70 ਸਾਲ ਦੀ ਬਜ਼ੁਰਗ ਔਰਤ ਆਪਣੀ ਪੈਨਸ਼ਨ ਪੈਣ ਲਈ ਟੁੱਟੀਆਂ ਕੁਰਸੀਆਂ ਦੇ ਸਹਾਰੇ ਨੰਗੇ ਪੈਰੀਂ ਗਰਮ ਸੜਕ 'ਤੇ ਤੁਰਦੀ ਨਜ਼ਰ ਆ ਰਹੀ ਹੈ। ਬਜ਼ੁਰਗ ਔਰਤ ਦਾ ਘਰ ਝਰੀਗਾਨ ਬਲਾਕ ਦੇ ਬਨੂਗੁਡਾ ਪਿੰਡ ਵਿੱਚ ਹੈ। ਘਰ ਤੋਂ ਦੂਰ ਸਥਿਤ ਐਸਬੀਆਈ ਬੈਂਕ ਤੋਂ ਪੈਨਸ਼ਨ ਕਢਵਾਉਣ ਲਈ ਔਰਤ ਨੂੰ ਇਸ ਤਰ੍ਹਾਂ ਤੁਰਨਾ ਪਿਆ। ਬਜ਼ੁਰਗ ਔਰਤ ਬਹੁਤ ਗਰੀਬ ਹੈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਮੰਦਭਾਗੀ ਖ਼ਬਰ, 24 ਸਾਲਾ ਭਾਰਤੀ ਗੱਭਰੂ ਦੀ ਗੋਲੀ ਲੱਗਣ ਨਾਲ ਹੋਈ ਮੌਤ
ਇਹ ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ਯੂਜ਼ਰਸ ਨੇ ਸਿਸਟਮ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਬੈਂਕ ਦੇ ਮੈਨੇਜਰ ਦਾ ਬਿਆਨ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਔਰਤ ਦੀਆਂ ਉਂਗਲਾਂ ਟੁੱਟ ਗਈਆਂ। ਇਸ ਕਾਰਨ ਉਨ੍ਹਾਂ ਨੂੰ ਪੈਸੇ ਕਢਵਾਉਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਲਦੀ ਹੀ ਉਹ ਇਸ ਸਮੱਸਿਆ ਦਾ ਹੱਲ ਲੱਭ ਲੈਣਗੇ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਬਜ਼ੁਰਗ ਔਰਤ ਨੇ ਪਿਛਲੇ ਚਾਰ ਮਹੀਨਿਆਂ ਤੋਂ ਆਪਣੀ ਪੈਨਸ਼ਨ ਨਹੀਂ ਕਢਵਾਈ ਸੀ। ਉਸ ਦੀ ਲੱਤ 'ਤੇ ਆਰਥੋਪੀਡਿਕ ਸੱਟ ਲੱਗੀ ਹੈ।