Lok Sabha Election 2024 : ਵੋਟਾਂ ਤੋਂ ਪਹਿਲਾਂ, ਦੌਰਾਨ ਜਾਂ ਤੁਰੰਤ ਬਾਅਦ ਉਮੀਦਵਾਰ ਦੀ ਮੌਤ ਹੋਣ 'ਤੇ ਕੀ ਹੈ ਨਿਯਮ?

ਏਜੰਸੀ

ਖ਼ਬਰਾਂ, ਰਾਸ਼ਟਰੀ

Lok Sabha Election 2024 : ਜੇਕਰ ਕਿਸੇ ਉਮੀਦਵਾਰ ਦੀ ਹੋ ਜਾਵੇ ਮੌਤ ਤਾਂ ਉਸ ਸੀਟ 'ਤੇ ਕੀ ਹੋਵੇਗਾ?

Election

Lok Sabha Election 2024 : ਮੁਰਾਦਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਰਵੇਸ਼ ਸਿੰਘ (Sarvesh Singh BJP) ਦੀ ਵੋਟਿੰਗ ਤੋਂ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ। 71 ਸਾਲਾ ਸਰਵੇਸ਼ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਦਿੱਲੀ ਦੇ ਏਮਜ਼ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਵੋਟਿੰਗ ਦੇ ਅਗਲੇ ਦਿਨ 20 ਅਪ੍ਰੈਲ ਦੀ ਸ਼ਾਮ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ। 

ਅਜਿਹੇ 'ਚ ਹਰ ਪਾਸੇ ਸਵਾਲ ਉੱਠ ਰਹੇ ਹਨ ਕਿ ਹੁਣ ਚੋਣਾਂ ਦਾ ਕੀ ਹੋਵੇਗਾ, ਨਤੀਜੇ ਕਿਸ ਆਧਾਰ 'ਤੇ ਤੈਅ ਕੀਤੇ ਜਾਣਗੇ, ਕੀ ਚੋਣਾਂ ਰੱਦ ਹੋਣਗੀਆਂ ਅਤੇ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਜੇਕਰ ਮ੍ਰਿਤਕ ਉਮੀਦਵਾਰ ਨੂੰ ਸਭ ਤੋਂ ਜ਼ਿਆਦਾ ਵੋਟਾਂ ਨਿਕਲੀਆਂ ਤਾਂ ਕੀ ਹੋਵੇਗਾ? 

ਜੇਕਰ ਕਿਸੇ ਲੋਕ ਸਭਾ ਸੀਟ 'ਤੇ ਵੋਟਿੰਗ ਹੋ ਚੁੱਕੀ ਹੈ ਪਰ ਗਿਣਤੀ ਨਹੀਂ ਹੋਈ ਹੈ ਅਤੇ ਇਸ ਦੌਰਾਨ ਕਿਸੇ ਉਮੀਦਵਾਰ ਦੀ ਮੌਤ ਹੋ ਜਾਂਦੀ ਹੈ, ਤਾਂ ਪਹਿਲਾਂ ਗਿਣਤੀ ਦੀ ਉਡੀਕ ਕੀਤੀ ਜਾਂਦੀ ਹੈ। ਜੇਕਰ ਗਿਣਤੀ ਕੀਤੀ ਜਾਵੇ ਤਾਂ ਦੋ ਹੀ ਨਤੀਜੇ ਸਾਹਮਣੇ ਆਉਣਗੇ। ਜਾਂ ਤਾਂ ਜਿੱਤ ਜਾਂ ਫ਼ਿਰ ਹਾਰ। ਨਿਯਮਾਂ ਅਨੁਸਾਰ ਜੇਕਰ ਮ੍ਰਿਤਕ ਉਮੀਦਵਾਰ ਜਿੱਤਦਾ ਹੈ ਤਾਂ ਚੋਣ ਰੱਦ ਕਰ ਦਿੱਤੀ ਜਾਂਦੀ ਹੈ ਅਤੇ ਉਸ ਸੀਟ 'ਤੇ ਦੁਬਾਰਾ ਵੋਟਿੰਗ ਕਰਵਾਈ ਜਾਂਦੀ ਹੈ। ਹਾਲਾਂਕਿ, ਜੇਕਰ ਮ੍ਰਿਤਕ ਉਮੀਦਵਾਰ ਹਾਰ ਜਾਂਦਾ ਹੈ ਤਾਂ ਚੋਣ ਰੱਦ ਨਹੀਂ ਕੀਤੀ ਜਾਂਦੀ। ਚੋਣ ਜਿੱਤਣ ਵਾਲੇ ਉਮੀਦਵਾਰ ਨੂੰ ਜੇਤੂ ਮੰਨ ਲਿਆ ਜਾਂਦਾ ਹੈ।

ਜੇਕਰ ਵੋਟਿੰਗ ਤੋਂ ਪਹਿਲਾਂ ਮੌਤ ਹੋ ਜਾਵੇ ਤਾਂ ਕੀ ਹੋਵੇਗਾ?

ਇਸ ਸਥਿਤੀ ਵਿੱਚ ਚੋਣਾਂ ਰੱਦ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਉਸ ਸੀਟ ਲਈ ਨਵੀਂ ਤਰੀਕ ਤੈਅ ਕੀਤੀ ਜਾਂਦੀ ਹੈ ਅਤੇ ਵੋਟਿੰਗ ਨਵੇਂ ਸਿਰੇ ਤੋਂ ਸ਼ੁਰੂ ਹੁੰਦੀ ਹੈ। ਜੇਕਰ ਨਾਮਜ਼ਦਗੀ ਤੋਂ ਬਾਅਦ ਉਮੀਦਵਾਰ ਦੀ ਮੌਤ ਹੋ ਜਾਂਦੀ ਹੈ ਅਤੇ ਨਾਮਜ਼ਦਗੀ ਜਾਇਜ਼ ਨਿਕਲੇ ਤਾਂ ਚੋਣ ਰੱਦ ਕਰ ਦਿੱਤੀ ਜਾਵੇਗੀ ਅਤੇ ਪਾਰਟੀ ਨੂੰ ਦੁਬਾਰਾ ਨਵੇਂ ਉਮੀਦਵਾਰ ਦੀ ਨਾਮਜ਼ਦਗੀ ਦਾਖਲ ਕਰਨੀ ਪਵੇਗੀ। ਇਸ ਦੇ ਨਾਲ ਹੀ ਜੇਕਰ ਕਿਸੇ ਪਾਰਟੀ ਨੇ ਕਿਸੇ ਸੀਟ 'ਤੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ, ਪਰ ਨਾਮਜ਼ਦਗੀ ਭਰਨ ਤੋਂ ਪਹਿਲਾਂ ਉਸ ਦੀ ਮੌਤ ਹੋ ਜਾਂਦੀ ਹੈ, ਤਾਂ ਸਿਆਸੀ ਪਾਰਟੀ ਕੋਲ ਉਸ ਸੀਟ ਤੋਂ ਨਵਾਂ ਉਮੀਦਵਾਰ ਖੜ੍ਹਾ ਕਰਨ ਦਾ ਵਿਕਲਪ ਹੋਵੇਗਾ।

ਰਾਜਸਥਾਨ ਵਿਧਾਨ ਸਭਾ ਚੋਣਾਂ 2018 ਦੌਰਾਨ ਬਸਪਾ ਉਮੀਦਵਾਰ ਲਕਸ਼ਮਣ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ ਪਹਿਲਾਂ ਹੀ ਨਾਮਜ਼ਦਗੀ ਦਾਖ਼ਲ ਕਰ ਚੁੱਕੇ ਸਨ। ਇਸ ਲਈ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਵਿਧਾਨ ਸਭਾ ਹਲਕੇ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ। 200 ਦੀ ਬਜਾਏ ਸਿਰਫ 199 ਸੀਟਾਂ 'ਤੇ ਵੋਟਿੰਗ ਹੋਈ। ਬਾਅਦ 'ਚ ਰਾਮਗੜ੍ਹ ਸੀਟ 'ਤੇ ਉਪ ਚੋਣ ਹੋਈ।

2023 ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੀਗੰਗਾਨਗਰ ਦੀ ਕਰਨਪੁਰ ਸੀਟ ਤੋਂ ਵਿਧਾਇਕ ਅਤੇ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਕੁੰਨਰ ਦੀ ਦਿੱਲੀ ਏਮਜ਼ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਬਾਅਦ ਵਿਚ ਇਸ ਸੀਟ 'ਤੇ ਉਪ ਚੋਣ ਵੀ ਹੋਈ।