PM ਮੋਦੀ ਨੇ ਅਮਰੀਕੀ VC ਵੈਨਸ ਨਾਲ ਕੀਤੀ ਗੱਲਬਾਤ, ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਚਲ ਰਹੀ ਗੱਲਬਾਤ ’ਚ ਹੋਈ ਤਰੱਕੀ ਦਾ ਸਵਾਗਤ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਊਰਜਾ, ਰੱਖਿਆ, ਰਣਨੀਤਕ ਤਕਨਾਲੋਜੀ ਅਤੇ ਹੋਰ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ

PM ਮੋਦੀ ਨੇ ਅਮਰੀਕੀ VC ਵੈਨਸ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ-ਪੱਖੀ ਵਪਾਰ ਸਮਝੌਤੇ ਲਈ ਚੱਲ ਰਹੀ ਗੱਲਬਾਤ ਦੇ ਪਿਛੋਕੜ ’ਚ ਸੋਮਵਾਰ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਨਸ ਨਾਲ ਗੱਲਬਾਤ ਕੀਤੀ। ਦੋਹਾਂ ਆਗੂਆਂ ਨੇ ਅਪਣੀ ਵਿਆਪਕ ਗੱਲਬਾਤ ਦੌਰਾਨ ਦੁਵਲੇ ਵਪਾਰ ਸਮਝੌਤੇ ’ਤੇ ਮੋਹਰ ਲਗਾਉਣ ਦੀ ਦਿਸ਼ਾ ’ਚ ਹੋਈ ਤਰੱਕੀ ਦਾ ਸਵਾਗਤ ਕੀਤਾ। ਗੱਲਬਾਤ ਤੋਂ ਬਾਅਦ ਮੋਦੀ ਨੇ ਵੈਨਸ, ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੇ ਵਫ਼ਦ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। 

ਪ੍ਰਧਾਨ ਮੰਤਰੀ ਮੋਦੀ ਅਤੇ ਉਪ ਰਾਸ਼ਟਰਪਤੀ ਵੈਨਸ ਨੇ ਦੁਵਲੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ’ਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਸਕਾਰਾਤਮਕ ਮੁਲਾਂਕਣ ਕੀਤਾ। ਬਿਆਨ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ’ਤੇ ਕੇਂਦਰਿਤ ਭਾਰਤ-ਅਮਰੀਕਾ ਦੁਵਲੇ ਵਪਾਰ ਸਮਝੌਤੇ ਲਈ ਗੱਲਬਾਤ ’ਚ ਹੋਈ ਮਹੱਤਵਪੂਰਨ ਤਰੱਕੀ ਦਾ ਸਵਾਗਤ ਕੀਤਾ। ਇਸੇ ਤਰ੍ਹਾਂ ਉਨ੍ਹਾਂ ਨੇ ਊਰਜਾ, ਰੱਖਿਆ, ਰਣਨੀਤਕ ਤਕਨਾਲੋਜੀ ਅਤੇ ਹੋਰ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ। 

ਦੋਹਾਂ ਨੇਤਾਵਾਂ ਨੇ ਆਪਸੀ ਹਿੱਤਾਂ ਦੇ ਵੱਖ-ਵੱਖ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਗੱਲਬਾਤ ਅਤੇ ਕੂਟਨੀਤੀ ਨੂੰ ਅੱਗੇ ਵਧਣ ਦਾ ਸੱਦਾ ਦਿਤਾ। ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਉਪ ਰਾਸ਼ਟਰਪਤੀ, ਅਮਰੀਕਾ ਦੀ ਦੂਜੀ ਮਹਿਲਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਭਾਰਤ ’ਚ ਸੁਖਦ ਅਤੇ ਲਾਭਦਾਇਕ ਠਹਿਰਨ ਲਈ ਸ਼ੁਭਕਾਮਨਾਵਾਂ ਦਿਤੀਆਂ। 

ਇਸ ਵਿਚ ਕਿਹਾ ਗਿਆ ਹੈ ਕਿ ਮੋਦੀ ਨੇ ਵੈਨਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿਤੀਆਂ ਅਤੇ ਕਿਹਾ ਕਿ ਉਹ ਇਸ ਸਾਲ ਦੇ ਅਖੀਰ ਵਿਚ ਅਪਣੀ ਭਾਰਤ ਯਾਤਰਾ ਨੂੰ ਲੈ ਕੇ ਉਤਸੁਕ ਹਨ। 

ਵੈਨਸ ਦੀ ਭਾਰਤ ਦੀ ਪਹਿਲੀ ਯਾਤਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਸਮੇਤ ਲਗਭਗ 60 ਦੇਸ਼ਾਂ ’ਤੇ ਟੈਰਿਫ ਲਾਗੂ ਕਰਨ ਅਤੇ ਫਿਰ ਰੋਕ ਲਗਾਉਣ ਦੇ ਕੁੱਝ ਹਫ਼ਤਿਆਂ ਬਾਅਦ ਹੋਈ ਹੈ। ਨਵੀਂ ਦਿੱਲੀ ਅਤੇ ਵਾਸ਼ਿੰਗਟਨ ਹੁਣ ਦੁਵਲੇ ਵਪਾਰ ਸਮਝੌਤੇ ’ਤੇ ਮੋਹਰ ਲਗਾਉਣ ਲਈ ਗੱਲਬਾਤ ਕਰ ਰਹੇ ਹਨ ਜਿਸ ਨਾਲ ਟੈਰਿਫ ਅਤੇ ਬਾਜ਼ਾਰ ਪਹੁੰਚ ਸਮੇਤ ਕਈ ਮੁੱਦਿਆਂ ਨੂੰ ਹੱਲ ਕਰਨ ਦੀ ਉਮੀਦ ਹੈ। 

ਪਿਛਲੇ ਮਹੀਨੇ ਅਮਰੀਕਾ ਦੇ ਸਹਾਇਕ ਵਪਾਰ ਪ੍ਰਤੀਨਿਧੀ ਬ੍ਰੈਂਡਨ ਲਿੰਚ ਨੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਦੁਵਲੇ ਵਪਾਰ ਸਮਝੌਤੇ (ਬੀ.ਟੀ.ਏ.) ਨੂੰ ਮਜ਼ਬੂਤ ਕਰਨ ਲਈ ਅਪਣੇ ਭਾਰਤੀ ਵਾਰਤਾਕਾਰਾਂ ਨਾਲ ਗੱਲਬਾਤ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਦੇ ਟੈਰਿਫ ਟਕਰਾਅ ਨੇ ਗਲੋਬਲ ਵਪਾਰ ਜੰਗ ਦਾ ਡਰ ਪੈਦਾ ਕਰ ਦਿਤਾ ਹੈ। ਟਰੰਪ ਨੇ ਚੀਨ ਨੂੰ ਛੱਡ ਕੇ ਸਾਰੇ ਦੇਸ਼ਾਂ ਲਈ ਇਨ੍ਹਾਂ ’ਤੇ 90 ਦਿਨਾਂ ਲਈ ਰੋਕ ਲਗਾਉਣ ਦਾ ਐਲਾਨ ਕੀਤਾ ਸੀ। 

ਵਾਸ਼ਿੰਗਟਨ ਨਵੀਂ ਦਿੱਲੀ ’ਤੇ ਹੋਰ ਅਮਰੀਕੀ ਤੇਲ, ਗੈਸ ਅਤੇ ਫੌਜੀ ਪਲੇਟਫਾਰਮ ਖਰੀਦਣ ਲਈ ਵੀ ਦਬਾਅ ਪਾ ਰਿਹਾ ਹੈ ਤਾਂ ਜੋ ਵਪਾਰ ਘਾਟੇ ਨੂੰ ਘੱਟ ਕੀਤਾ ਜਾ ਸਕੇ ਜੋ ਭਾਰਤ ਦੇ ਪੱਖ ਵਿਚ ਲਗਭਗ 45 ਅਰਬ ਡਾਲਰ ਹੈ। 

ਕੈਲੰਡਰ ਸਾਲ 2023 ਲਈ ਵਸਤੂਆਂ ਅਤੇ ਸੇਵਾਵਾਂ ’ਚ ਕੁਲ ਦੁਵਲਾ ਵਪਾਰ 190 ਬਿਲੀਅਨ ਡਾਲਰ ਦੇ ਨਾਲ ਅਮਰੀਕਾ ਭਾਰਤ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਸੀ। ਵਿੱਤੀ ਸਾਲ 2023-24 ’ਚ ਅਮਰੀਕਾ 4.99 ਅਰਬ ਡਾਲਰ ਦੇ ਨਿਵੇਸ਼ ਨਾਲ ਭਾਰਤ ’ਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਦਾ ਤੀਜਾ ਸੱਭ ਤੋਂ ਵੱਡਾ ਸਰੋਤ ਰਿਹਾ। 

ਚਾਰ ਦਿਨਾਂ ਭਾਰਤ ਯਾਤਰਾ ’ਤੇ ਪਰਵਾਰ ਸਮੇਤ ਦਿੱਲੀ ਪੁੱਜੇ ਅਮਰੀਕੀ ਉਪ ਰਾਸ਼ਟਰਪਤੀ ਵਾਂਸ, ਦਿੱਲੀ ਹਵਾਈ ਅੱਡੇ ’ਤੇ  ਹੋਇਆ ਸ਼ਾਨਦਾਰ ਸਵਾਗਤ

ਨਵੀਂ ਦਿੱਲੀ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵਾਂਸ ਅਤੇ ਉਨ੍ਹਾਂ ਦੇ ਪਰਵਾਰ  ਨੇ ਸੋਮਵਾਰ ਨੂੰ ਭਾਰਤ ਦੀ ਚਾਰ ਦਿਨਾਂ ਯਾਤਰਾ ਸ਼ੁਰੂ ਕਰ ਦਿਤੀ। ਦੋਵੇਂ ਦੇਸ਼ ਟੈਰਿਫ ਅਤੇ ਬਾਜ਼ਾਰ ਪਹੁੰਚ ਸਮੇਤ ਕਈ ਪ੍ਰਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਇਸ ਸਾਲ ਦੇ ਅੰਤ ਤਕ  ਇਕ ਅਭਿਲਾਸ਼ੀ ਵਪਾਰ ਸਮਝੌਤੇ ਦੀ ਪਹਿਲੀ ਕਿਸਤ ਨੂੰ ਪੂਰਾ ਕਰਨ ’ਤੇ  ਵਿਚਾਰ ਕਰ ਰਹੇ ਹਨ।

ਵਾਂਸ ਅਪਣੀ ਭਾਰਤੀ ਮੂਲ ਦੀ ਪਤਨੀ ਊਸ਼ਾ ਚਿਲੂਕੁਰੀ, ਅਪਣੇ  ਤਿੰਨ ਬੱਚਿਆਂ ਈਵਾਨ, ਵਿਵੇਕ, ਮੀਰਾਬੇਲ ਅਤੇ ਅਮਰੀਕੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਇਕ ਵਫਦ ਨਾਲ ਸਵੇਰੇ ਕਰੀਬ 9:50 ਵਜੇ ਦਿੱਲੀ ਪਹੁੰਚੇ। ਸਾਲ 2013 ’ਚ ਜੋਅ ਬਾਈਡਨ  ਦੇ ਨਵੀਂ ਦਿੱਲੀ ਦੌਰੇ ਤੋਂ ਬਾਅਦ ਉਹ 12 ਸਾਲਾਂ ’ਚ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਉਪ ਰਾਸ਼ਟਰਪਤੀ ਹਨ। 

ਪਾਲਮ ਹਵਾਈ ਅੱਡੇ ’ਤੇ  ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਅਮਰੀਕੀ ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਦਾ ਸਵਾਗਤ ਕੀਤਾ। ਇਸ ਦੌਰਾਨ ਕਲਾਕਾਰਾਂ ਨੇ ਮਹਿਮਾਨਾਂ ਦਾ ਸਵਾਗਤ ਕਰਨ ਲਈ ਰਵਾਇਤੀ ਭਾਰਤੀ ਨਾਚ ਪੇਸ਼ ਕੀਤੇ। 

ਬੱਚੇ ਥੋੜ੍ਹੀ ਦੇਰ ਬਾਅਦ ‘ਏਅਰ ਫੋਰਸ ਟੂ’ ਦੇ ਜਹਾਜ਼ ਤੋਂ ਬਾਹਰ ਆਏ। ਦੋਹਾਂ ਮੁੰਡਿਆਂ ਨੇ ਕੁੜਤਾ-ਪਜਾਮਾ ਅਤੇ ਮੀਰਾਬੇਲ ਨੇ ਹਰੇ ਰੰਗ ਦਾ ਅਨਾਰਕਲੀ ਸੂਟ ਅਤੇ ਜੈਕੇਟ ਪਹਿਨੀ ਹੋਈ ਸੀ। ਵਾਂਸ ਨੂੰ ਏਅਰਬੇਸ ’ਤੇ  ਰਸਮੀ ‘ਗਾਰਡ ਆਫ ਆਨਰ’ ਦਿਤਾ ਗਿਆ।  ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਇਲਾਵਾ ਵਾਂਸ ਅਤੇ ਉਨ੍ਹਾਂ ਦੇ ਪਰਵਾਰ  ਦੀ ਭਾਰਤ ਯਾਤਰਾ ਮੁੱਖ ਤੌਰ ’ਤੇ  ਨਿੱਜੀ ਯਾਤਰਾ ਹੈ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ’ਤੇ  ਇਕ ਪੋਸਟ ’ਚ ਕਿਹਾ ਕਿ ਉਪ ਰਾਸ਼ਟਰਪਤੀ ਜੇ.ਡੀ. ਵਾਂਸ, ਅਮਰੀਕਾ ਦੀ ਦੂਜੀ ਮਹਿਲਾ ਊਸ਼ਾ ਵਾਂਸ ਅਤੇ ਅਮਰੀਕੀ ਵਫਦ ਦਾ ਭਾਰਤ ’ਚ ਨਿੱਘਾ ਸਵਾਗਤ ਹੈ। ਜੈਸਵਾਲ ਨੇ ਕਿਹਾ ਕਿ ਦਿੱਲੀ, ਜੈਪੁਰ ਅਤੇ ਆਗਰਾ ਦੀ ਯਾਤਰਾ ਨਾਲ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਹੋਰ ਡੂੰਘੀ ਹੋਣ ਦੀ ਉਮੀਦ ਹੈ। 

ਅਮਰੀਕੀ ਨੇਤਾ ਅਪਣੀ ਦੋ ਦੇਸ਼ਾਂ ਦੀ ਯਾਤਰਾ ਦੇ ਇਟਲੀ ਪੜਾਅ ਦੌਰਾਨ ਈਸਟਰ ਸੰਡੇ ’ਤੇ  ਪੋਪ ਫਰਾਂਸਿਸ ਨਾਲ ਨਿੱਜੀ ਮੁਲਾਕਾਤ ਕਰਨ ਤੋਂ ਇਕ ਦਿਨ ਬਾਅਦ ਦਿੱਲੀ ਪਹੁੰਚੇ। ਵੈਟੀਕਨ ਨੇ ਸੋਮਵਾਰ ਨੂੰ ਪੋਪ ਦੀ ਮੌਤ ਦਾ ਐਲਾਨ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਇਕ ਧਾਰਮਕ  ਕੈਥੋਲਿਕ ਵਾਂਸ ਨੇ ਕਿਹਾ ਕਿ ਉਹ ਈਸਟਰ ਸੰਡੇ ’ਤੇ  ਪੋਪ ਨੂੰ ਵੇਖ ਕੇ ਖੁਸ਼ ਹਨ, ਹਾਲਾਂਕਿ ਉਹ ਸਪੱਸ਼ਟ ਤੌਰ ’ਤੇ  ਬਹੁਤ ਬਿਮਾਰ ਸਨ। ਉਨ੍ਹਾਂ ਕਿਹਾ, ‘‘ਮੈਨੂੰ ਪੋਪ ਫਰਾਂਸਿਸ ਦੇ ਦਿਹਾਂਤ ਦੀ ਖ਼ਬਰ ਮਿਲੀ ਹੈ। ਮੇਰਾ ਦਿਲ ਦੁਨੀਆਂ  ਭਰ ਦੇ ਲੱਖਾਂ ਈਸਾਈਆਂ ਨਾਲ ਹੈ ਜੋ ਉਨ੍ਹਾਂ ਨੂੰ ਪਿਆਰ ਕਰਦੇ ਸਨ।’’

ਵਾਂਸ ਅਤੇ ਉਸ ਦੇ ਪਰਵਾਰ  ਨੇ ਯਮੁਨਾ ਦੇ ਕੰਢੇ ਨੇੜੇ ਅਕਸ਼ਰਧਾਮ ਮੰਦਰ ਅਤੇ ਕੌਮੀ  ਰਾਜਧਾਨੀ ਦੇ ਜਨਪਥ ’ਚ ਸੈਂਟਰਲ ਕਾਟੇਜ ਇੰਡਸਟਰੀਜ਼ ਐਮਪੋਰੀਅਮ (ਸੀ.ਸੀ.ਆਈ.ਈ.) ਦਾ ਦੌਰਾ ਕੀਤਾ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਵਾਂਸ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। 
ਵਾਂਸ ਦੀ ਭਾਰਤ ਦੀ ਪਹਿਲੀ ਯਾਤਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ  ਭਾਰਤ ਸਮੇਤ ਲਗਭਗ 60 ਦੇਸ਼ਾਂ ’ਤੇ  ਟੈਰਿਫ ਲਾਗੂ ਕਰਨ ਅਤੇ ਫਿਰ ਰੋਕ ਲਗਾਉਣ ਦੇ ਕੁੱਝ  ਹਫ਼ਤਿਆਂ ਬਾਅਦ ਹੋਈ ਹੈ। ਨਵੀਂ ਦਿੱਲੀ ਅਤੇ ਵਾਸ਼ਿੰਗਟਨ ਹੁਣ ਇਕ  ਦੁਵਲੇ ਵਪਾਰ ਸਮਝੌਤੇ ’ਤੇ  ਮੋਹਰ ਲਗਾਉਣ ਲਈ ਗੱਲਬਾਤ ਕਰ ਰਹੇ ਹਨ ਜਿਸ ਨਾਲ ਟੈਰਿਫ ਅਤੇ ਮਾਰਕੀਟ ਪਹੁੰਚ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੀ ਉਮੀਦ ਹੈ। 

ਵਾਂਸ ਅਤੇ ਉਨ੍ਹਾਂ ਦਾ ਪਰਵਾਰ ਰਾਤ 9:30 ਵਜੇ ਜੈਪੁਰ ਲਈ ਰਵਾਨਾ ਹੋ ਗਿਆ। ਦਿੱਲੀ ’ਚ ਅਮਰੀਕੀ ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦਾ ਪਰਵਾਰ  ਆਈ.ਟੀ.ਸੀ. ਮੌਰੀਆ ਸ਼ੈਰਾਟਨ ਹੋਟਲ ’ਚ ਰੁਕੇ ਸਨ। 22 ਅਪ੍ਰੈਲ ਨੂੰ, ਵੈਨਸ ਜੈਪੁਰ ਦੇ ਕਈ ਇਤਿਹਾਸਕ ਸਥਾਨਾਂ ਦਾ ਦੌਰਾ ਕਰਨਗੇ, ਜਿਸ ’ਚ ਆਮੇਰ ਕਿਲ੍ਹਾ ਵੀ ਸ਼ਾਮਲ ਹੈ, ਜਿਸ ਨੂੰ ਅੰਬਰ ਕਿਲ੍ਹਾ ਵੀ ਕਿਹਾ ਜਾਂਦਾ ਹੈ। ਇਹ ਕਿਲ੍ਹਾ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਹੈ। 

ਦੁਪਹਿਰ ਨੂੰ ਅਮਰੀਕੀ ਉਪ ਰਾਸ਼ਟਰਪਤੀ ਜੈਪੁਰ ਦੇ ਰਾਜਸਥਾਨ ਇੰਟਰਨੈਸ਼ਨਲ ਸੈਂਟਰ ’ਚ ਇਕ ਇਕੱਠ ਨੂੰ ਸੰਬੋਧਨ ਕਰਨਗੇ।  ਵਾਂਸ ਅਪਣੇ  ਭਾਸ਼ਣ ਦੌਰਾਨ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਅਧੀਨ ਭਾਰਤ-ਅਮਰੀਕਾ ਸਬੰਧਾਂ ਦੇ ਵਿਆਪਕ ਪਹਿਲੂਆਂ ’ਤੇ  ਚਰਚਾ ਕਰਨਗੇ, ਜਿਸ ਵਿਚ ਡਿਪਲੋਮੈਟਾਂ, ਵਿਦੇਸ਼ ਨੀਤੀ ਮਾਹਰਾਂ, ਭਾਰਤ ਸਰਕਾਰ ਦੇ ਅਧਿਕਾਰੀਆਂ ਅਤੇ ਅਕਾਦਮਿਕ ਮਾਹਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। 

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦਸਿਆ  ਕਿ ਅਮਰੀਕੀ ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦਾ ਪਰਵਾਰ  23 ਅਪ੍ਰੈਲ ਦੀ ਸਵੇਰ ਨੂੰ ਆਗਰਾ ਜਾਣਗੇ। ਅਧਿਕਾਰੀਆਂ ਨੇ ਦਸਿਆ  ਕਿ ਆਗਰਾ ’ਚ ਉਹ ਤਾਜ ਮਹਿਲ ਅਤੇ ਸ਼ਿਲਪਗ੍ਰਾਮ ਦਾ ਦੌਰਾ ਕਰਨਗੇ, ਜੋ ਵੱਖ-ਵੱਖ ਭਾਰਤੀ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਓਪਨ ਏਅਰ ਐਮਪੋਰੀਅਮ ਹੈ। 

ਆਗਰਾ ਦੀ ਅਪਣੀ ਯਾਤਰਾ ਸਮਾਪਤ ਕਰਨ ਤੋਂ ਬਾਅਦ, ਵਾਂਸ 23 ਅਪ੍ਰੈਲ ਦੇ ਦੂਜੇ ਅੱਧ ’ਚ ਜੈਪੁਰ ਵਾਪਸ ਆ ਜਾਣਗੇ। ਅਮਰੀਕੀ ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦਾ ਪਰਵਾਰ  24 ਅਪ੍ਰੈਲ ਨੂੰ ਜੈਪੁਰ ਤੋਂ ਅਮਰੀਕਾ ਲਈ ਰਵਾਨਾ ਹੋਣਗੇ।