ਕੋਰੋਨਾ ਕਾਰਨ 6 ਕਰੋੜ ਲੋਕ ਗ਼ਰੀਬੀ ਦੀ ਦਲਦਲ ਵਿਚ ਫਸਣਗੇ : ਵਿਸ਼ਵ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਸਾਰ ਬੈਂਕ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੁਨੀਆਂ ਭਰ ਵਿਚ 6 ਕਰੋੜ ਤੋਂ ਵੱਧ ਲੋਕ ਗ਼ਰੀਬੀ ਦੀ ਦਲਦਲ ਵਿਚ ਫਸ

File Photo

ਨਵੀਂ ਦਿੱਲੀ, 20 ਮਈ : ਸੰਸਾਰ ਬੈਂਕ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੁਨੀਆਂ ਭਰ ਵਿਚ 6 ਕਰੋੜ ਤੋਂ ਵੱਧ ਲੋਕ ਗ਼ਰੀਬੀ ਦੀ ਦਲਦਲ ਵਿਚ ਫਸ ਜਾਣਗੇ। ਇਸ ਸੰਸਾਰ ਸੰਸਥਾ ਨੇ ਸੰਸਾਰ ਸੰਕਟ ਵਿਚੋਂ ਉਭਰਨ ਦੀ ਮੁਹਿੰਮ ਤਹਿਤ 100 ਵਿਕਾਸਸ਼ੀਲ ਮੁਲਕਾਂ ਨੂੰ 160 ਅਰਬ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਹ ਪੂਰੀ ਸਹਾਇਤਾ 15 ਮਹੀਨੇ ਦੇ ਸਮੇਂ ਵਿਚ ਦਿਤੀ ਜਾਵੇਗੀ। 

ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, 'ਇਸ ਮਹਾਮਾਰੀ ਅਤੇ ਵਿਕਸਿਤ ਅਰਥਚਾਰਿਆਂ ਦੇ ਬੰਦ ਹੋਣ ਨਾਲ 6 ਕਰੋੜ ਤੋਂ ਵੱਧ ਲੋਕ ਗ਼ਰੀਬੀ ਦੀ ਦਲਦਲ ਵਿਚ ਫਸ ਜਾਣਗੇ। ਹਾਲ ਹੀ ਦਿਨਾਂ ਵਿਚ ਗ਼ਰੀਬੀ ਘਟਾਉਣ ਦੀ ਦਿਸ਼ਾ ਵਿਚ ਅਸੀਂ ਜੋ ਪ੍ਰਗਤੀ ਕੀਤੀ ਹੈ, ਉਸ ਵਿਚੋਂ ਬਹੁਤ ਕੁੱਝ ਖ਼ਤਮ ਹੋ ਜਾਵੇਗਾ।'  

ਉਨ੍ਹਾਂ ਕਿਹਾ, 'ਸੰਸਾਰ ਬੈਂਕ ਸਮੂਹ ਨੇ ਤੇਜ਼ੀ ਨਾਲ ਕਦਮ ਚੁਕਿਆ ਹੈ ਅਤੇ 100 ਦੇਸ਼ਾਂ ਵਿਚ ਐਮਰਜੈਂਸੀ ਸਹਾਇਤਾ ਮੁਹਿੰਮ ਸ਼ੁਰੂ ਕੀਤੀ ਹੈ। ਇਸ ਵਿਚ ਹੋਰ ਦਾਨੀਆਂ ਨੂੰ ਪ੍ਰੋਗਰਾਮ ਦੇ ਤੇਜ਼ੀ ਨਾਲ ਅੱਗੇ ਵਧਣ ਦੀ ਆਗਿਆ ਹੁੰਦੀ ਹੈ।' ਉਨ੍ਹਾਂ ਕਿਹਾ ਕਿ 160 ਅਰਬ ਡਾਲਰ ਦੀ ਰਕਮ 15 ਮਹੀਨਿਆਂ ਵਿਚ ਦਿਤੀ ਜਾਵੇਗੀ। ਵਿਸ਼ਵ ਬੈਂਕ ਤੋਂ ਸਹਾਇਤਾ ਹਾਸਲ ਕਰ ਰਹੇ ਇਨ੍ਹਾਂ 100 ਦੇਸ਼ਾਂ ਵਿਚ ਦੁਨੀਆਂ ਦੀ 70 ਫ਼ੀ ਸਦੀ ਆਬਾਦੀ ਰਹਿੰਦੀ ਹੈ। ਇਸ ਵਿਚੋਂ 39 ਫ਼ੀ ਸਦੀ ਦੇ ਉਪ ਸਹਾਰਾ ਖੇਤਰ ਦੇ ਹਨ। ਕੁਲ ਪ੍ਰਾਜੈਕਟਾਂ ਵਿਚ ਇਕ ਤਿਹਾਈ ਅਫ਼ਗ਼ਾਨਿਸਤਾਨ, ਚਾਡ, ਹੈਤੀ ਅਤੇ ਨਾਇਜ਼ਰ ਜਿਹੇ ਨਾਜ਼ੁਕ ਅਤੇ ਦਹਿਸ਼ਤਗ੍ਰਸਤ ਖੇਤਰਾਂ ਵਿਚ ਹੈ। ਮਾਲਪਾਸ ਨੇ ਕਿਹਾ, 'ਵਾਧੇ ਦੇ ਰਸਤੇ 'ਤੇ ਮੁੜਨ ਲਈ ਸਾਡਾ ਟੀਚਾ ਸਿਹਤ ਐਮਰਜੈਂਸੀ ਹਾਲਤ ਨਾਲ ਸਿੱਝਣ ਸਬੰਧੀ ਤੀਬਰ ਅਤੇ ਲਚਕੀਲਾ ਹੋਣਾ ਚਾਹੀਦਾ ਹੈ। ਨਾਲ ਹੀ ਗ਼ਰੀਬਾਂ ਦੀ ਮਦਦ ਵਾਸਤੇ ਨਕਦ ਅਤੇ ਹੋਰ ਸਹਾਇਤਾ, ਨਿਜੀ ਖੇਤਰ ਨੂੰ ਕਾਇਮ ਰਖਣਾ ਅਤੇ ਅਰਥਚਾਰੇ ਦੀ ਮਜ਼ਬੂਤੀ ਹੈ।  (ਏਜੰਸੀ)