ਨੇਪਾਲ 'ਚ ਕੋਰੋਨਾ ਵਾਇਰਸ ਦੇ ਫੈਲਾਅ ਲਈ ਭਾਰਤ ਜ਼ਿੰਮੇਵਾਰ : ਨੇਪਾਲੀ ਪ੍ਰਧਾਨ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਨਵੇਂ ਨਕਸ਼ੇ' ਮਗਰੋਂ ਵਿਵਾਦਮਈ ਬਿਆਨ

File Photo

ਨਵੀਂ ਦਿੱਲੀ, 20 ਮਈ : ਭਾਰਤੀ ਖੇਤਰ ਦੇ ਕੁੱਝ ਹਿੱਸਿਆਂ 'ਤੇ ਦਾਅਵਾ ਕਰਨ ਵਾਲੇ 'ਨਵੇਂ ਨਕਸ਼ੇ' ਮਗਰੋਂ ਹੁਣ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਓਲੀ ਨੇ ਭਾਰਤ ਵਿਰੁਧ ਇਤਰਾਜ਼ਯੋਗ ਬਿਆਨ ਦਿਤਾ ਹੈ। ਨੇਪਾਲੀ ਸੰਸਦ ਵਿਚ ਅਪਣੇ ਭਾਸ਼ਨ ਵਿਚ ਕੇਪੀ ਓਲੀ ਨੇ ਕੂਟਨੀਤਕ ਮਰਿਯਾਦਾ ਨੂੰ ਲੰਘਦਿਆਂ ਵਿਵਾਦਤ ਬਿਆਨ ਦਿਤਾ। ਉਨ੍ਹਾਂ ਅਪਣੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਲਈ ਭਾਰਤ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ, 'ਚੀਨੀ ਅਤੇ ਇਤਾਲਵੀ ਦੀ ਤੁਲਨਾ ਵਿਚ ਭਾਰਤ ਦਾ ਵਾਇਰਸ ਜ਼ਿਆਦਾ ਮਾਰੂ ਲਗਦਾ ਹੈ।'

ਨੇਪਾਲੀ ਪ੍ਰਧਾਨ ਮੰਤਰੀ ਨੇ ਕਲ ਅਪਣੇ ਭਾਸ਼ਨ ਵਿਚ ਕਿਹਾ, 'ਜਿਹੜੇ ਲੋਕ ਗ਼ੈਰਕਾਨੂੰਨੀ ਤਰੀਕੇ ਨਾਲ ਭਾਰਤ ਤੋਂ ਆ ਰਹੇ ਹਨ, ਉਹ ਇਥੇ ਕੋਰੋਨਾ ਦੀ ਲਾਗ ਫੈਲਾ ਰਹੇ ਹਨ ਅਤੇ ਇਸ ਲਈ ਕੁੱਝ ਸਥਾਨਕ ਆਗੂ ਅਤੇ ਪ੍ਰਤੀਨਿਧੀ ਵੀ ਜ਼ਿੰਮੇਵਾਰ ਹਨ ਜੋ ਬਿਨਾਂ ਕਿਸੇ ਮੁਢਲੀ ਜਾਂਚ ਦੇ ਲੋਕਾਂ ਨੂੰ ਭਾਰਤ ਲੈ ਕੇ ਆ ਰਹੇ ਹਨ।' ਨੇਪਾਲੀ ਪ੍ਰਧਾਨ ਮੰਤਰੀ ਨੇ ਕਿਹਾ, 'ਬਾਹਰ ਤੋਂ ਆਉਣ ਵਾਲੇ ਲੋਕਾਂ ਦੇ ਪ੍ਰਵਾਹ ਕਾਰਨ ਕੋਰੋਨਾ ਵਾਇਰਸ ਲਾਗ ਨਾਲ ਸਿੱਝਣ ਵਿਚ ਮੁਸ਼ਕਲ ਹੋ ਰਹੀ ਹੈ। ਭਾਰਤੀ ਵਾਇਰਸ ਚੀਨੀ ਅਤੇ ਇਤਾਲਵੀ ਵਾਇਰਸ ਨਾਲ ਜ਼ਿਆਦਾ ਮਾਰੂ ਲਗਦਾ ਹੈ।'

ਨੇਪਾਲੀ ਪ੍ਰਧਾਨ ਮੰਤਰੀ ਦੇ ਬਿਆਨ ਨੇ ਭਾਰਤ ਦੁਆਰਾ ਸੜਕ ਦਾ ਉਦਘਾਟਨ ਕੀਤੇ ਜਾਣ ਮਗਰੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਤਲਖ਼ੀ ਲਿਆਉਣ ਦਾ ਕੰਮ ਕੀਤਾ ਹੈ। ਓਲੀ ਨੇ ਇਹ ਵੀ ਕਿਹਾ ਕਿ ਨੇਪਾਲ ਕਾਲਾਪਾਣੀ-ਲਿੰਪਿਯਾਧੁਰਾ-ਲਿਪੁਲੇਖ ਖੇਤਰ-ਕਿਸੇ ਵੀ ਕੀਮਤ 'ਤੇ ਵਾਪਸ ਲੈ ਕੇ ਰਹੇਗਾ ਜੋ ਭਾਰਤੀ ਖੇਤਰ ਦਾ ਹਿੱਸਾ ਹੈ। ਹਾਲ ਹੀ ਵਿਚ ਨੇਪਾਲੀ ਵਜ਼ਾਰਤ ਨੇ ਇਸ ਖੇਤਰ ਨੂੰ ਸ਼ਾਮਲ ਕਰਦਿਆਂ ਨਵਾਂ ਰਾਜਸੀ ਨਕਸ਼ਾ ਜਾਰੀ ਕੀਤਾ ਹੈ ਜੋ ਭਾਰਤੀ ਖੇਤਰ ਦਾ ਹਿੱਸਾ ਹੈ। ਭਾਰਤ ਅਤੇ ਨੇਪਾਲ 1800 ਕਿਲੋਮੀਟਰ ਖੁਲ੍ਹੀ ਸਰਹੱਦ ਸਾਂਝੀ ਕਰਦੇ ਹਨ। ਲਿਪੁਲੇਖ ਦੱਰੇ 'ਤੇ ਨੇਪਾਲ 1816 ਵਿਚ ਹੋਈ ਸੁਗੌਲੀ ਦੀ ਸੰਧੀ ਦੇ ਆਧਾਰ 'ਤੇ ਪਰਿਭਾਸ਼ਤ ਕਰਦਾ ਹੈ। (ਏਜੰਸੀ)