ਬਸਾਂ ਚਲਾਉਣ ਦੀ ਪ੍ਰਵਾਨਗੀ ਦੇਵੇ ਯੂਪੀ ਸਰਕਾਰ : ਪ੍ਰਿਯੰਕਾ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਲਾਗੂ ਤਾਲਾਬੰਦੀ
ਨਵੀਂ ਦਿੱਲੀ, 20 ਮਈ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਲਾਗੂ ਤਾਲਾਬੰਦੀ ਦੌਰਾਨ ਕੰਮ ਬੰਦ ਹੋ ਜਾਣ ਕਾਰਨ ਆਪੋ ਅਪਣੇ ਗ੍ਰਹਿ ਰਾਜ ਮੁੜ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਦੇ ਮਾਮਲੇ ਵਿਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਯੂਪੀ ਸਰਕਾਰ ਨੂੰ ਕਾਂਗਰਸ ਪਾਰਟੀ ਦੁਆਰਾ ਮੁਹਈਆ ਕਰਾਈਆਂ ਗਈਆਂ ਬਸਾਂ ਚਲਾਉਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਚਾਹੇ ਤਾਂ ਬਸਾਂ 'ਤੇ ਭਾਜਪਾ ਦਾ ਝੰਡਾ ਅਤੇ ਪੋਸਟਰ ਲਗਵਾ ਦੇਣ ਪਰ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਣ ਲਈ ਬਸਾਂ ਦੀ ਵਰਤੋਂ ਕਰਨ। ਕਾਂਗਰਸ ਦੀ ਯੂਪੀ ਇੰਚਾਰਜ ਪ੍ਰਿਯੰਕਾ ਨੇ ਕਿਹਾ, 'ਸਾਨੂੰ ਸਾਰਿਆਂ ਨੂੰ ਅਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਇਹ ਮਜ਼ਦੂਰ ਭਾਰਤ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਨੂੰ ਭਾਰਤ ਨੇ ਬਣਾਇਆ ਹੈ। ਅਸੀਂ ਇਨ੍ਹਾਂ ਸਾਰਿਆਂ ਦੀ ਮਦਦ ਕਰਨੀ ਹੈ।' ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ। ਹਰ ਰਾਜਸੀ ਪਾਰਟੀ ਆਪੋ ਅਪਣੇ ਰਾਜਾਂ ਵਿਚ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਦਾ ਯਤਨ ਕਰੇ।
ਪ੍ਰਿਯੰਕਾ ਨੇ ਕਿਹਾ ਕਿ ਤਾਲਾਬੰਦੀ ਦੇ ਐਲਾਨ ਮਗਰੋਂ ਕਾਂਗਰਸ ਨੇ ਯੂਪੀ ਦੇ ਹਰ ਜ਼ਿਲ੍ਹੇ ਵਿਚ ਵਲੰਟੀਅਰਾਂ ਦੇ ਗਰੁਪ ਬਣਾਏ ਅਤੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਗਰੁਪਾਂ ਨੇ ਹੁਣ ਤਕ ਲਗਭਗ 67 ਲੱਖ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਜਦ ਅਸੀਂ ਵੇਖਿਆ ਕਿ ਯੂਪੀ ਰੋਡਵੇਜ਼ ਦੀਆਂ ਬਸਾਂ ਨਹੀਂ ਚਲਾਈਆਂ ਜਾ ਰਹੀਆਂ ਤਾਂ ਅਸੀਂ 1000 ਬਸਾਂ ਦੀ ਪੇਸ਼ਕਸ਼ ਕੀਤੀ ਪਰ ਯੋਗੀ ਸਰਕਾਰ ਬਸਾਂ ਚਲਾਉਣ ਦੀ ਪ੍ਰਵਾਨਗੀ ਹੀ ਨਹੀਂ ਦੇ ਰਹੀ। (ਏਜੰਸੀ)