ਜੰਮੂ ਕਸ਼ਮੀਰ ਦੇ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਨੂੰ ਕੀਤਾ ਗਿਆ ਬਰਖਾਸਤ
ਅੱਤਵਾਦੀ ਮਾਮਲੇ ਵਿਚ ਹੋਈ ਸੀ ਗ੍ਰਿਫ਼ਤਾਰੀ
ਸ੍ਰੀਨਗਰ: ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਅੱਤਵਾਦੀ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਇਕ ਅਧਿਕਾਰਕ ਆਦੇਸ਼ ਵਿਚ ਸਾਹਮਣੇ ਆਈ ਹੈ। ਦਵਿੰਦਰ ਸਿੰਘ ਨੂੰ ਪਿਛਲੇ ਸਾਲ ਜਨਵਰੀ ਵਿਚ ਜੰਮੂ-ਕਸ਼ਮੀਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਡਿਪਟੀ ਸੁਪਰਡੈਂਟ ਪੁਲਿਸ ਨੂੰ ਬਰਖ਼ਾਸਤ ਕਰਨ ਦਾ ਆਦੇਸ਼ ਦਿੱਤਾ ਹੈ। ਦੱਸ ਦਈਏ ਕਿ ਬੀਤੇ ਸਾਲ ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨੂੰ ਕਸ਼ਮੀਰ ਤੋਂ ਜੰਮੂ ਲਿਜਾਇਆ ਜਾਣ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਨੇ ਦਵਿੰਦਰ ਸਿੰਘ ਖਿਲਾਫ ਜਾਂਚ ਸ਼ੁਰੂ ਕੀਤੀ ਸੀ।
ਐਨਆਈਏ ਦੀ ਚਾਰਜਸ਼ੀਟ ਅਨੁਸਾਰ ਜੰਮੂ-ਕਸ਼ਮੀਰ ਦੇ ਪੁਲਿਸ ਡੀਐਸਪੀ ਦਵਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਸੁਰੱਖਿਅਤ ਮਾਰਗ ਪ੍ਰਦਾਨ ਕਰਨ ਅਤੇ ਭਾਰਤੀ ਸੁਰੱਖਿਆ ਬਲਾਂ ਦੀ ਤੈਨਾਤੀ ਦੀ ਜਾਣਕਾਰੀ ਲੀਕ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਦਵਿੰਦਰ ਸਿੰਘ ਨੇ ਹਿਜਬਲ ਦੇ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਪੁਲਿਸ ਦੇ ਗੈਸਟ ਹਾਊਸ ਵਿਚ ਛੁਪਾਇਆ ਸੀ।
ਦਵਿੰਦਰ ਸਿੰਘ ਨੂੰ 11 ਜਨਵਰੀ 2020 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਸਈਦ ਨਾਵੇਦ ਮੁਸ਼ਤਾਕ ਉਰਫ ਨਾਵੇਦ ਬਾਬੂ, ਇਕ ਵਕੀਲ, ਇਨਫਾਨ ਸ਼ਫੀ ਮੀਰ ਅਤੇ ਇਕ ਹੋਰ ਅੱਤਵਾਦੀ, ਰਫੀ ਅਹਿਮਦ ਨੂੰ ਅਪਣੀ ਗੱਡੀ ਜ਼ਰੀਏ ਸ਼ੋਪੀਆਂ ਤੋਂ ਜੰਮੂ ਲਿਜਾ ਰਹੇ ਸੀ। ਐਨਆਈਏ ਨੇ ਕਿਹਾ ਸੀ ਕਿ ਦਵਿੰਦਰ ਸਿੰਘ ਨੇ ਹਿਜਬੁਲ ਦੇ ਕਸ਼ਮੀਰ ਵਿਚ ਸਭ ਤੋਂ ਸਰਗਰਮ ਅੱਤਵਾਦੀ ਸੰਗਠਨ ਰਹਿਣ ਵਿਚ ਭੂਮਿਕਾ ਨਿਭਾਈ ਹੈ।