26 ਜਨਵਰੀ ਹਿੰਸਾ: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਾਖਲ ਕੀਤੀ ਚਾਰਜਸ਼ੀਟ
17 ਮਈ ਨੂੰ ਕ੍ਰਾਈਮ ਬ੍ਰਾਂਚ ਦੀ ਐਸਆਈਟੀ ਨੇ ਇਹ ਮੁੱਖ ਚਾਰਜਸ਼ੀਟ ਦਾਖਲ ਕੀਤੀ ਸੀ।
ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 26 ਜਨਵਰੀ ਦੇ ਲਾਲ ਕਿਲ੍ਹੇ ਹਿੰਸਾ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਤੀਸ ਹਜ਼ਾਰੀ ਅਦਾਲਤ ਵਿਚ ਦਾਇਰ ਇਸ ਚਾਰਜਸ਼ੀਟ ਵਿਚ ਦੀਪ ਸਿੱਧੂ ਸਣੇ ਤਕਰੀਬਨ 16 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇੰਡੀਅਨ ਪੀਨਲ ਕੋਡ ਦੀਆਂ ਕਈ ਧਾਰਾਵਾਂ ਤਹਿਤ ਇਹ ਚਾਰਜ਼ਸ਼ੀਟ ਦਾਇਰ ਕੀਤੀ ਗਈ ਹੈ। 17 ਮਈ ਨੂੰ ਕ੍ਰਾਈਮ ਬ੍ਰਾਂਚ ਦੀ ਐਸਆਈਟੀ ਨੇ ਇਹ ਮੁੱਖ ਚਾਰਜਸ਼ੀਟ ਦਾਖਲ ਕੀਤੀ ਸੀ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ 26 ਜਨਵਰੀ ਨੂੰ ਕਿਸਾਨ ਯੂਨੀਅਨਾਂ ਵੱਲੋਂ ਟਰੈਕਟਰ ਪਰੇਡ ਦੌਰਾਨ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋਈ ਸੀ। ਬਹੁਤ ਸਾਰੇ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਵੱਲ ਵੀ ਗਏ ਅਤੇ ਇਤਿਹਾਸਕ ਸਮਾਰਕ ਵਿਚ ਦਾਖਲ ਹੋਏ ਸਨ। ਇਸ ਸਮੇਂ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ਦੇ ਝੰਡੇ 'ਤੇ ਧਾਰਮਿਕ ਝੰਡਾ ਵੀ ਲਹਿਰਾਇਆ। ਟਰੈਕਟਰ ਰੈਲੀ ਦੌਰਾਨ, ਲਾਲ ਕਿਲ੍ਹੇ ਸਮੇਤ ਰਾਜਧਾਨੀ ਦਿੱਲੀ ਵਿੱਚ ਕਈ ਥਾਵਾਂ ਤੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋਈ ਸੀ।