ਮਿਗ-21 ਹਾਦਸਾਗ੍ਰਸਤ: ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ ਪਾਇਲਟ ਅਭਿਨਵ ਚੌਧਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਗਨ ਵਿਚ ਲਿਆ ਸੀ ਇਕ ਰੁਪਇਆ

Abhinav Chaudhary

ਨਵੀਂ ਦਿੱਲੀ : ਮੋਗਾ ਦੇ ਲੰਗਿਆਣਾ ਪਿੰਡ 'ਚ ਵੀਰਵਾਰ ਦੇਰ ਰਾਤ ਭਾਰਤੀ ਹਵਾਈ ਫ਼ੌਜ ਦਾ ਮਿਗ-21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ।  ਅਭਿਨਵ ਚੌਧਰੀ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਦੇ ਪਿੰਡ ਪੁਸਰ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਸਤੇਂਦਰ ਚੌਧਰੀ ਇੱਕ ਕਿਸਾਨ ਹਨ।

ਅਭਿਨਵ ਦਾ ਵਿਆਹ 17 ਮਹੀਨੇ ਪਹਿਲਾਂ ਹੋਇਆ ਸੀ। ਉਸ ਸਮੇਂ ਉਨ੍ਹਾਂ ਦੇ ਵਿਆਹ ਦੇ ਕਾਫੀ ਚਰਚੇ ਹੋਏ ਸਨ। ਦਰਅਸਲ,ਉਸਨੇ ਉਹਨਾਂ ਦੇ  ਸਹੁਰਿਆਂ ਵੱਲੋਂ ਦਿੱਤੇ ਗਏ ਨਕਦ ਪੈਸੇ ਵਾਪਸ ਕਰਕੇ ਸ਼ਗਨ ਵਿੱਚ ਸਿਰਫ ਇੱਕ ਰੁਪਿਆ ਲਿਆ ਸੀ। ਅਭਿਨਵ ਦਾ ਮੰਨਣਾ ਸੀ ਕਿ ਵਿਆਹ ਵਿਚ ਦਾਜ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ।

ਦੋ ਪਰਿਵਾਰਾਂ ਨੂੰ ਜੋੜਨ ਲਈ ਦਾਜ ਲੈਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਦਾਜ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਰੋਕਿਆ ਜਾਣਾ ਚਾਹੀਦਾ ਹੈ। ਅਭਿਨਵ ਦੀ ਪਤਨੀ ਸੋਨਿਕਾ ਉਜਵਲ ਨੇ ਫਰਾਂਸ ਵਿਚ ਮਾਸਟਰ ਆਫ਼ ਸਾਇੰਸ ਦੀ ਪੜ੍ਹਾਈ ਕੀਤੀ ਹੈ। 

ਅਭਿਨਵ ਚੌਧਰੀ ਇਨ੍ਹੀਂ ਦਿਨੀਂ ਪਠਾਨਕੋਟ ਏਅਰਬੇਸ 'ਤੇ ਤਾਇਨਾਤ ਸਨ।  ਉਸਨੇ  ਆਰਆਈਐਮਸੀ ਦੇਹਰਾਦੂਨ ਤੋਂ 12 ਵੀਂ ਜਮਾਤ ਪਾਸ ਕੀਤੀ। ਇਸ ਤੋਂ ਬਾਅਦ ਉਸ ਦੀ ਚੋਣ ਐਨ.ਡੀ.ਏ. ਵਿਚ ਹੋਈ। ਪੁਣੇ ਵਿਚ ਤਿੰਨ ਸਾਲਾਂ ਬਾਅਦ, ਉਸਨੇ ਹੈਦਰਾਬਾਦ ਦੇ ਏਐਫਏ ਵਿਖੇ ਹਵਾਈ ਫੌਜ ਦੀ ਸਿਖਲਾਈ ਪੂਰੀ ਕੀਤੀ। 

ਅਭਿਨਵ ਦੀ ਮਾਂ ਸੱਤਿਆ ਚੌਧਰੀ ਘਰੇਲੂ ਔਰਤ ਹੈ ਤੇ ਅਭਿਨਵ ਦੀ ਇਕ ਛੋਟੀ ਭੈਣ ਹੈ।  ਹਾਦਸਾ ਮੋਗਾ ਦੇ ਲੰਗਿਆਣਾ ਪਿੰਡ ਵਿਚ ਵਾਪਰਿਆ।  ਜਹਾਜ਼ ਐਨੀ ਜ਼ੋਰ ਨਾਲ ਖੇਤਾਂ ਵਿੱਚ ਡਿੱਗਿਆ ਕਿ ਵੱਡੇ ਧਮਾਕੇ ਦੇ ਨਾਲ ਹੀ ਉਸਦੇ ਚੀਥੜੇ ਉਡ ਗਏ ਤੇ ਉਸ ਨੂੰ ਅੱਗ ਲੱਗ ਗਈ।

ਜਹਾਜ਼ ਡਿਗਣ ਮਗਰੋਂ ਪਾਇਲਟ ਅਭਿਨਵ ਚੌਧਰੀ ਲਾਪਤਾ ਹੋ ਗਏ ਸਨ। ਲਗਭਗ 4 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਦੀ ਲਾਸ਼ ਖੇਤਾਂ 'ਚੋਂ ਮਿਲੀ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਕੁਝ ਤਕਨੀਕੀ ਖਰਾਬੀ ਆਉਣ ਕਰਕੇ ਪਾਇਲਟ ਵਿੰਗ ਕਮਾਂਡਰ ਅਭਿਨਵ ਚੌਧਰੀ ਨੇ ਕਰੈਸ਼ ਲੈਂਡਿੰਗ ਤੋਂ ਪਹਿਲਾਂ ਪੈਰਾਸ਼ੂਟ ਰਾਹੀਂ ਜਹਾਜ਼ ਤੋਂ ਛਲਾਂਗ ਮਾਰ ਦਿੱਤੀ ਸੀ ਪਰ ਗਰਦਨ ਟੁੱਟਣ ਕਾਰਨ ਉਸਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਮਿਲੀ।