Delhi Power Demand: ਦਿੱਲੀ 'ਚ ਬਿਜਲੀ ਦੀ ਮੰਗ ਨੇ ਤੋੜੇ ਸਾਰੇ ਪੁਰਾਣੇ ਰਿਕਾਰਡ, ਅੱਤ ਦੀ ਗਰਮੀ ਨੇ ਵਧਾਈ ਖਪਤ
ਦਿੱਲੀ 'ਚ ਅੱਜ ਦੁਪਹਿਰ 3:33 ਵਜੇ ਪੀਕ ਪਾਵਰ ਡਿਮਾਂਡ 7717 ਮੈਗਾਵਾਟ ਤੱਕ ਪਹੁੰਚੀ
Delhi Power Demand: ਦਿੱਲੀ ਵਿੱਚ ਪੈ ਰਹੀ ਅੱਤ ਦੀ ਗਰਮੀ ਦੇ ਵਿਚਕਾਰ ਰਾਜਧਾਨੀ ਵਿੱਚ ਬਿਜਲੀ ਦੀ ਮੰਗ ਨੇ ਅੱਜ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਦਿੱਲੀ ਵਿੱਚ ਅੱਜ ਦੁਪਹਿਰ 3:33 ਵਜੇ ਪਿਕ ਪਾਵਰ ਡਿਮਾਂਡ 7717 ਮੈਗਾਵਾਟ ਤੱਕ ਪਹੁੰਚ ਗਈ, ਜੋ ਕਿ ਦਿੱਲੀ ਦੇ ਇਤਿਹਾਸ ਵਿੱਚ ਹੁਣ ਤੱਕ ਸਭ ਤੋਂ ਵੱਧ ਰਹੀ ਹੈ।
ਇਸ ਤੋਂ ਪਹਿਲਾਂ 29 ਜੂਨ, 2022 ਨੂੰ ਦਿੱਲੀ ਵਿੱਚ ਸਭ ਤੋਂ ਵੱਧ 7695 ਮੈਗਾਵਾਟ ਪੀਕ ਪਾਵਰ ਡਿਮਾਂਡ ਰਹੀ ਸੀ। ਇਸ ਤੋਂ ਬਾਅਦ ਸੰਭਾਵਨਾ ਹੈ ਕਿ ਦਿੱਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਿਜਲੀ ਦੀ ਡਿਮਾਂਡ 8 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਜਾਵੇਗੀ।
'ਲਗਾਤਾਰ ਚੌਥੇ ਦਿਨ ਡਿਮਾਂਡ 7 ਹਜ਼ਾਰ ਮੈਗਾਵਾਟ ਤੋਂ ਪਾਰ'
ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਾਮ 15:33 ਵਜੇ ਦਿੱਲੀ ਦੀ ਵੱਧ ਤੋਂ ਵੱਧ ਬਿਜਲੀ ਦੀ ਡਿਮਾਂਡ 7572 ਮੈਗਾਵਾਟ ਤੱਕ ਪਹੁੰਚ ਗਈ ਸੀ, ਜੋ ਮਈ ਵਿੱਚ ਕੱਲ੍ਹ ਤੱਕ ਸਭ ਤੋਂ ਵੱਧ ਸੀ। ਅੱਜ ਲਗਾਤਾਰ ਚੌਥੇ ਦਿਨ ਦਿੱਲੀ ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ 7000 ਮੈਗਾਵਾਟ ਨੂੰ ਪਾਰ ਕਰ ਗਈ ਹੈ।
ਓਥੇ ਹੀ ਪਿਛਲੇ ਸਾਲ ਮਈ ਵਿੱਚ ਸਭ ਤੋਂ ਵੱਧ ਬਿਜਲੀ ਦੀ ਡਿਮਾਂਡ 6916 ਮੈਗਾਵਾਟ ਅਤੇ ਮਈ 2022 ਵਿੱਚ ਇਹ 7070 ਮੈਗਾਵਾਟ ਸੀ। ਅੱਜ ਤੋਂ ਪਹਿਲਾਂ ਦਿੱਲੀ ਦੀ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਦੀ ਡਿਮਾਂਡ 29 ਜੂਨ, 2022 ਨੂੰ 7695 ਮੈਗਾਵਾਟ ਦਰਜ ਕੀਤੀ ਗਈ ਸੀ।
ਓਥੇ ਹੀ ਡਿਸਕਾਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਬੀਆਰਪੀਐਲ ਅਤੇ ਬੀਵਾਈਪੀਐਲ ਨੇ ਆਪਣੇ-ਆਪਣੇ ਖੇਤਰਾਂ ਵਿੱਚ ਸਭ ਤੋਂ ਵੱਧ ਬਿਜਲੀ ਦੀ ਡਿਮਾਂਡ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ।
ਅੱਤ ਦੀ ਗਰਮੀ ਵਿੱਚ ਵਧੀ ਬਿਜਲੀ ਦੀ ਖਪਤ
ਦੱਸ ਦੇਈਏ ਕਿ ਦਿੱਲੀ 'ਚ ਭਿਆਨਕ ਗਰਮੀ ਜਾਰੀ ਹੈ ਅਤੇ ਇਸ ਵਧਦੀ ਗਰਮੀ ਦੇ ਵਿਚਕਾਰ ਦਿੱਲੀ 'ਚ ਬਿਜਲੀ ਦੀ ਖਪਤ ਹੋਰ ਵਧ ਗਈ ਹੈ। ਕੂਲਰ-ਪੱਖਿਆਂ ਦੇ ਨਾਲ ਏਸੀ ਫਰਿੱਜ ਦੀ ਵਰਤੋਂ ਕਾਰਨ ਬਿਜਲੀ ਦੀ ਮੰਗ ਵਧ ਗਈ ਹੈ। ਫਿਲਹਾਲ ਦਿੱਲੀ ਦੇ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਦਿੱਲੀ 'ਚ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ।