ਕੀ ਦੁਸ਼ਮਣ ਤੋਂ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੇ ਆਗੂ ਨੂੰ ਸਰਕਾਰ ਬਣਾਉਣ ਦੀ ਇਜਾਜ਼ਤ ਦਿਤੀ  ਜਾਣੀ ਚਾਹੀਦੀ ਹੈ? : ਰਾਜਨਾਥ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਨੀਅਰ ਭਾਜਪਾ ਆਗੂ ਨੇ ਰਾਹੁਲ ਗਾਂਧੀ ’ਤੇ ਲਾਇਆ ਨਿਸ਼ਾਨਾ

Rajnath Singh

ਬੋਕਾਰੋ, 21 ਮਈ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ  ਨਿਸ਼ਾਨਾ ਸਾਧਦੇ ਹੋਏ ਪੁਛਿਆ ਕਿ ਕੀ ਜਿਸ ਨੇਤਾ ਦੀ ਦੁਸ਼ਮਣ ਪ੍ਰਸ਼ੰਸਾ ਕਰ ਰਿਹਾ ਹੈ, ਉਸ ਨੂੰ ਸਰਕਾਰ ਬਣਾਉਣ ਦਾ ਮੌਕਾ ਦਿਤਾ ਜਾਣਾ ਚਾਹੀਦਾ ਹੈ। 

ਉਹ ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਹੁਸੈਨ ਚੌਧਰੀ ਦੇ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਕਰਨ ਵਾਲੇ ਬਿਆਨ ਦਾ ਹਵਾਲਾ ਦੇ ਰਹੇ ਸਨ। ਝਾਰਖੰਡ ਦੇ ਬੋਕਾਰੋ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਹਿੱਸਾ ਹੈ ਅਤੇ ਰਹੇਗਾ। 

ਉਨ੍ਹਾਂ ਕਿਹਾ, ‘‘ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਹੁਸੈਨ ਨੇ ਕਿਹਾ ਹੈ ਕਿ ਪੁਲਵਾਮਾ ਅਤੇ ਉੜੀ ਹਮਲਿਆਂ ’ਚ ਪਾਕਿਸਤਾਨੀ ਅਤਿਵਾਦੀ ਸ਼ਾਮਲ ਸਨ। ਉਹੀ ਫਵਾਦ ਹੁਸੈਨ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਨਹੀਂ ਕਰ ਰਹੇ ਬਲਕਿ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਕਰ ਰਹੇ ਹਨ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਕਿਸੇ ਅਜਿਹੇ ਨੇਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਜਿਸ ਦੀ ਦੁਸ਼ਮਣ ਪ੍ਰਸ਼ੰਸਾ ਕਰਦੇ ਹਨ? ਕੀ ਉਨ੍ਹਾਂ ਨੂੰ ਸਰਕਾਰ ਬਣਾਉਣ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ? ਉਹ ਦੇਸ਼ ਨੂੰ ਕਿਸ ਦਿਸ਼ਾ ’ਚ ਲਿਜਾਣਾ ਚਾਹੁੰਦੇ ਹਨ? ਮੈਂ ਤੁਹਾਨੂੰ ਦੇਸ਼ ਨੂੰ ਬਚਾਉਣ ਦੀ ਅਪੀਲ ਕਰਦਾ ਹਾਂ।’’

ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ’ਚ ਸਾਬਕਾ ਮੰਤਰੀ ਫਵਾਦ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ  ਰਾਹੁਲ ਗਾਂਧੀ ਦਾ ਇਕ ਵੀਡੀਉ ਸਾਂਝਾ ਕਰਦੇ ਹੋਏ ਲਿਖਿਆ, ‘ਰਾਹੁਲ ਆਨ ਫ਼ਾਇਅਰ।’ 

ਰਾਜਨਾਥ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਭਾਜਪਾ ’ਤੇ  ਸੰਵਿਧਾਨ ਬਦਲਣ ਦਾ ਦੋਸ਼ ਲਗਾ ਰਹੀ ਹੈ ਪਰ ਕਾਂਗਰਸ ਸਰਕਾਰ ਨੇ 90 ਵਾਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਉਤਾਰਿਆ। 

ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ’ਤੇ  ਨਿਸ਼ਾਨਾ ਸਾਧਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਝਾਰਖੰਡ ’ਚ ਜੇ.ਐਮ.ਐਮ. ਦੀ ਅਗਵਾਈ ਵਾਲੀ ਸਰਕਾਰ ’ਚ ਭ੍ਰਿਸ਼ਟਾਚਾਰ ਸਿਖਰ ’ਤੇ  ਹੈ ਅਤੇ ਇਹ ਮੁੱਖ ਮੰਤਰੀ ਦੀ ਸੁਰੱਖਿਆ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੱਤਾਧਾਰੀ ਗੱਠਜੋੜ ਨੂੰ ਸੂਬੇ ਤੋਂ ਬਾਹਰ ਦਾ ਰਸਤਾ ਵਿਖਾਉਣ।