ਗਵਰਨਰੀ ਰਾਜ ਵਿਚ ਕੰਮ ਕਰਨਾ ਸੌਖਾ : ਡੀਜੀਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਵਿਚ ਸਰਕਾਰ ਡਿੱਗਣ ਮਗਰੋਂ ਰਾਜਪਾਲ ਐਨ ਐਨ ਵੋਹਰਾ ਨੇ ਕਮਾਨ ਸੰਭਾਲ ਲਈ ਹੈ......

DGP SP Vaid

ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਸਰਕਾਰ ਡਿੱਗਣ ਮਗਰੋਂ ਰਾਜਪਾਲ ਐਨ ਐਨ ਵੋਹਰਾ ਨੇ ਕਮਾਨ ਸੰਭਾਲ ਲਈ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਖ਼ਾਸ ਰਹੇ ਛੱਤੀਸਗੜ੍ਹ ਦੇ ਵਧੀਕ ਮੁੱਖ ਸਕੰਤਰ ਗ੍ਰਹਿ ਬੀ ਵੀ ਆਰ ਸੁਬਰਮਨੀਅਮ ਨੂੰ ਕਸ਼ਮੀਰ ਲਿਆਂਦਾ ਗਿਆ ਹੈ। ਦੂਜੇ ਪਾਸੇ ਅਤਿਵਾਦ ਵਿਰੁਧ ਸੁਰੱਖਿਆ ਬਲਾਂ ਨੇ ਕਾਰਵਾਈ ਤੇਜ਼ ਕਰ ਦਿਤੀ ਹੈ। ਡੀਜੀਪੀ ਐਸ ਪੀ ਵੈਦ ਨੇ 'ਦਬਾਅ ਮੁਕਤ' ਹੋਣ ਦਾ ਸੰਕੇਤ ਦਿੰਦਿਆਂ ਕਿਹਾ ਹੈ ਕਿ ਰਾਜਪਾਲ ਸ਼ਾਸਨ ਵਿਚ ਕੰਮ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਤਿਵਾਦੀਆਂ ਵਿਰੁਧ ਆਪਰੇਸ਼ਨ ਵਿਚ ਤੇਜ਼ੀ ਆਵੇਗੀ।

ਉਨ੍ਹਾਂ ਕਿਹਾ ਕਿ ਗਵਰਨਰ ਰਾਜ ਵਿਚ ਪੁਲਿਸ ਲਈ ਕੰਮ ਕਰਨਾ ਜ਼ਿਆਦਾ ਸੌਖਾ ਹੋਵੇਗਾ। ਵੈਦ ਨੇ ਕਿਹਾ, 'ਸਾਡੇ ਆਪਰੇਸ਼ਨ ਜਾਰੀ ਰਹਿਣਗੇ। ਰਮਜ਼ਾਨ ਦੌਰਾਨ ਆਪਰੇਸ਼ਨ 'ਤੇ ਰੋਕ ਲਾਈ ਗਈ ਸੀ। ਆਪਰੇਸ਼ਨ ਪਹਿਲਾਂ ਵੀ ਚੱਲ ਰਹੇ ਸਨ ਪਰ ਹੁਣ ਹੋਰ ਤੇਜ਼ ਕੀਤੇ ਜਾਣਗੇ।' ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਰਾਜਪਾਲ ਸ਼ਾਸਨ ਨਾਲ ਉਨ੍ਹਾਂ ਦੇ ਕੰਮ ਵਿਚ ਕੋਈ ਫ਼ਰਕ ਪਵੇਗਾ ਤਾਂ ਵੈਦ ਨੇ ਕਿਹਾ, 'ਮੈਨੂੰ ਲਗਦਾ ਹੈ ਕਿ ਰਾਜਪਾਲ ਸ਼ਾਸਨ ਵਿਚ ਕੰਮ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ।

' ਉਨ੍ਹਾਂ ਕਿਹਾ ਕਿ ਰਮਜ਼ਾਨ ਦੌਰਾਨ ਗੋਲੀਬੰਦੀ ਨੇ ਅਤਿਵਾਦੀਆਂ ਨੂੰ ਫ਼ਾਇਦਾ ਪਹੁੰਚਾਇਆ ਹੈ। ਉਨ੍ਹਾਂ ਕਿਹਾ, 'ਰਮਜ਼ਾਨ ਦੌਰਾਨ ਕੈਂਪ 'ਤੇ ਹੋਣ ਵਾਲੇ ਹਮਲਿਆਂ ਦਾ ਜਵਾਬ ਦੇਣ ਦੀ ਇਜਾਜ਼ਤ ਸੀ ਪਰ ਸਾਡੇ ਕੋਲ ਜਾਣਕਾਰੀ ਹੈ ਤਾਂ ਉਸ ਆਧਾਰ 'ਤੇ ਆਪਰੇਸ਼ਨ ਲਾਂਚ ਨਹੀਂ ਕੀਤਾ ਜਾ ਸਕਦਾ ਸੀ। ਅਜਿਹੀ ਹਾਲਤ ਵਿਚ ਗੋਲੀਬੰਦੀ ਨਾਲ ਕਈ ਅਰਥਾਂ ਵਿਚ ਅਤਿਵਾਦੀਆਂ ਨੂੰ ਫ਼ਾਇਦਾ ਹੋਇਆ।' (ਏਜੰਸੀ)