ਇਕ ਲੱਖ ਤੋਂ ਵੱਧ ਲੋਕਾਂ ਨੇ ਇਕੱਠਿਆਂ ਕੀਤਾ ਯੋਗਾ - ਕੋਟਾ 'ਚ ਬਣਿਆ ਵਿਸ਼ਵ ਰੀਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਰਾਜਸਥਾਨ ਦੇ ਕੋਚਿੰਗ ਕੇਂਦਰ ਕੋਟਾ ਵਿਚ ਇਕ ਲੱਖ ਤੋਂ ਵੱਧ ਲੋਕਾਂ ਨੇ ਰਾਜਪਧਰੀ ਅੰਤਰਰਾਸ਼ਟਰੀ ਯੋਗ ਦਿਵਸ ਵਿਚ ਇਕੱਠਿਆਂ...

Narendra Modi Doing Yoga in Dehradun

ਕੋਟਾ,ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਰਾਜਸਥਾਨ ਦੇ ਕੋਚਿੰਗ ਕੇਂਦਰ ਕੋਟਾ ਵਿਚ ਇਕ ਲੱਖ ਤੋਂ ਵੱਧ ਲੋਕਾਂ ਨੇ ਰਾਜਪਧਰੀ ਅੰਤਰਰਾਸ਼ਟਰੀ ਯੋਗ ਦਿਵਸ ਵਿਚ ਇਕੱਠਿਆਂ ਇਕ ਜਗ੍ਹਾ ਯੋਗ ਕਰ ਕੇ ਵਿਸ਼ਵ ਰੀਕਾਰਡ ਬਣਾਇਆ ਹੈ। ਇਸ ਯੋਗ ਪ੍ਰੋਗਰਾਮ ਵਿਚ ਕਈ ਕੋਚਿੰਗ ਵਿਦਿਆਰਥੀਆਂ ਨੇ ਹਿੱਸਾ ਲਿਆ। ਗਿਨੀਜ਼ ਬੁਕ ਆਫ਼ ਰੀਕਾਰਡਜ਼ ਦੇ ਦੋ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੋਏ ਯੋਗ ਸਮਾਗਮ ਵਿਚ ਯੋਗ ਮਾਹਰ ਅਤੇ ਉਦਯੋਗਪਤੀ ਰਾਮਦੇਵ ਅਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਪ੍ਰਮਾਣ ਪੱਤਰ ਦਿਤਾ ਗਿਆ।

ਕੋਟਾ ਦੇ ਆਰ ਏਸੀ ਸਟੇਡੀਅਮ ਵਿਚ ਹੋਏ ਸਮਾਗਮ ਵਿਚ ਇਕ ਲੱਖ ਪੰਜ ਹਜ਼ਾਰ ਲੋਕਾਂ ਨੇ ਇਕੱਠਿਆਂ ਯੋਗ ਕਰ ਕੇ ਕੀਰਤੀਮਾਨ ਸਥਾਪਤ ਕੀਤਾ ਹੈ। ਸਮਾਗਮ ਵਿਚ ਰਾਮਦੇਵ ਨੇ ਵੱਖ ਵੱਖ ਯੋਗ ਕ੍ਰਿਆਵਾਂ, ਪ੍ਰਾਣਾਯਾਮ ਅਤੇ ਆਸਣਾਂ ਦਾ ਅਭਿਆਸ ਕਰਵਾਇਆ।ਮੁੱਖ ਮੰਤਰੀ ਸਮੇਤ ਕਰੀਬ ਦੋ ਲੱਖ ਲੋਕ ਸਮਾਗਮ ਵਿਚ ਮੌਜੂਦ ਸਨ। ਭਾਰਤ ਵਿਚ ਗਿਨੀਜ਼ ਬੁਕ ਆਫ਼ ਵਰਲਡ ਰੀਕਾਰਡਜ਼ ਦੇ ਕਾਰਜਕਾਰੀ ਅਧਿਕਾਰੀ ਸਵਪਨੀਲ ਅਤੇ ਲੰਦਨ ਤੋਂ ਆਈ ਰੀਬਿਕਾ ਨੇ ਪ੍ਰਮਾਣ ਪੱਤਰ ਦਿਤਾ। ਯੋਗ ਸਮਾਗਮ ਵਿਚ ਤੈਅ ਮਾਪਦੰਡਾਂ ਅਤੇ ਡ੍ਰੋਨ ਕੈਮਰਿਆਂ ਦੀ ਮਦਦ ਨਾਲ ਇਕ ਲੱਖ ਪੰਜ ਹਜ਼ਾਰ ਲੋਕਾਂ ਦੀ ਗਿਣਤੀ ਕੀਤੀ ਗਈ।

ਇਸ ਤੋਂ ਪਹਿਲਾਂ ਇਕੱਠੇ ਯੋਗ ਕਰਨ ਵਾਲੇ 55 ਹਜ਼ਾਰ 524 ਲੋਕਾਂ ਦਾ ਕੀਰਤੀਮਾਨ ਮੈਸੂਰ ਵਿਚ ਸਾਲ 2017 ਵਿਚ ਬਣਾਇਆ ਗਿਆ ਸੀ। ਪ੍ਰੋਟੋਕਾਲ ਮੁਤਾਬਕ ਸਵੇਰੇ ਪੰਜ ਵਜੇ ਸ਼ੁਰੂ ਹੋਏ ਯੋਗ ਸਮਾਗਮ ਵਿਚ 6.30 ਵਜੇ ਤੋਂ 7 ਵਜੇ ਦੌਰਾਨ 15 ਯੋਗ ਕ੍ਰਿਆਵਾਂ ਕੀਤੀਆਂ ਗਈਆਂ। ਰਾਜ ਨੇ ਯੋਗ ਨੂੰ ਹੱਲਾਸ਼ੇਰੀ ਦੇਣ ਲਈ ਸੂਬੇ ਦੇ ਹਰ ਜ਼ਿਲ੍ਹੇ ਵਿਚ ਯੋਗ ਪਾਰਕ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ। ਰਾਮਦੇਵ ਨੇ ਕਿਹਾ ਕਿ ਯੋਗ ਨਾਲ ਸਰੀਰ ਅਤੇ ਆਤਮਾ ਦੀ ਸ਼ੁੱਧੀ ਹੁੰਦੀ ਹੈ। ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜੈਪੁਰ ਮਿਲਟਰੀ ਸਟੇਸ਼ਨ 'ਤੇ ਫ਼ੌਜੀਆਂ ਅਤੇ ਉਨ੍ਹਾਂ ਦੇ ਘਰ ਵਾਲਿਆਂ ਨੇ ਯੋਗ ਕੀਤਾ। (ਏਜੰਸੀ)