ਨਾਬਾਲਗ਼ ਵਿਦਿਆਰਥਣ ਨੂੰ ਛੂਹਣ ਦੇ ਦੋਸ਼ ਹੇਠ ਅਧਿਆਪਕ ਵਿਰੁਧ ਪਰਚਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੜੀਸਾ ਦੇ ਜਾਜਪੁਰ ਜ਼ਿਲ੍ਹੇ ਵਿਚ ਟਿਊਸ਼ਨ ਦੌਰਾਨ ਦਸਵੀਂ ਜਮਾਤ ਦੀ ਕੁੜੀ ਨੂੰ ਗ਼ਲਤ ਤਰੀਕੇ ਨਾਲ ਛੂਹਣ ਦੇ ਦੋਸ਼ ਹੇਠ ਸਕੂਲ ਅਧਿਆਪਕ ਵਿਰੁਧ ......

File Photo

ਜਾਜਪੁਰ : ਉੜੀਸਾ ਦੇ ਜਾਜਪੁਰ ਜ਼ਿਲ੍ਹੇ ਵਿਚ ਟਿਊਸ਼ਨ ਦੌਰਾਨ ਦਸਵੀਂ ਜਮਾਤ ਦੀ ਕੁੜੀ ਨੂੰ ਗ਼ਲਤ ਤਰੀਕੇ ਨਾਲ ਛੂਹਣ ਦੇ ਦੋਸ਼ ਹੇਠ ਸਕੂਲ ਅਧਿਆਪਕ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਸਰਕਾਰੀ ਸਕੂਲ ਦੇ 45 ਸਾਲਾ ਅਧਿਆਪਕ ਨੇ ਕੁੜੀ ਦੇ ਮਾਪਿਆਂ ਨੂੰ ਕਿਹਾ ਕਿ ਉਹ ਉਸ ਨੂੰ ਵਖਰੇ ਤੌਰ 'ਤੇ ਟਿਊਸ਼ਨ ਭੇਜਣ। 

ਥਾਣਾ ਮੁਖੀ ਸ਼ਰਦ ਚੰਦਰ ਪਾਤਰ ਨੇ ਇਸ ਸਬੰਧ ਵਿਚ ਦਰਜ ਪਰਚੇ ਦੇ ਹਵਾਲੇ ਨਾਲ ਦਸਿਆ ਕਿ ਮਾਤਾ ਪਿਤਾ ਅਪਣੀ ਬੇਟੀ ਨੂੰ ਅਧਿਆਪਕ ਕੋਲ ਭੇਜਣ ਲਈ ਤਿਆਰ ਹੋ ਗਏ। ਪਾਤਰ ਨੇ ਦਸਿਆ ਕਿ ਸੋਮਵਾਰ ਨੂੰ ਅਧਿਆਪਕ ਨੇ ਕੁੜੀ ਨੂੰ ਕਿਹਾ ਕਿ ਜੇ ਉਹ ਸਰੀਰਕ ਸਬੰਧ ਬਣਾਉਣ ਦੀ ਤਜਵੀਜ਼ ਮੰਨ ਲੈਂਦੀ ਹੈ ਤਾਂ ਪ੍ਰੀਖਿਆ ਦੌਰਾਨ ਉਸ ਦੀ ਮਦਦ ਕਰੇਗਾ। ਪਰ ਇਕ ਵਾਰ ਫਿਰ ਉਸ ਨੇ ਉਸ ਦੇ ਪ੍ਰਸਤਾਵ ਨੂੰ ਨਕਾਰ ਦਿਤਾ।

ਫਿਰ ਅਧਿਆਪਕ ਨੇ ਉਸ ਨੂੰ ਨਾਜਾਇਜ਼ ਢੰਗ ਨਾਲ ਛੂਹਿਆ। ਕੁੜੀ ਨੇ ਇਸ ਬਾਰੇ ਅਪਣੀ ਮਾਂ ਨੂੰ ਦਸਿਆ ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ। 
ਪਾਤਰ ਨੇ ਦਸਿਆ ਕਿ ਮੁਲਜ਼ਮ ਵਿਰੁਧ ਵੱਖ ਵੱਖ ਧਾਰਾਵਾਂ ਅਤੇ ਪਾਕਸੋ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। (ਏਜੰਸੀ)