ਮੋਦੀ ਨੂੰ ਮਿਲੇ ਕੇਜਰੀਵਾਲ, ਮੁਹੱਲਾ ਕਲੀਨਿਕ ਅਤੇ ਸਕੂਲ ਦੇ ਦੌਰੇ ਲਈ ਦਿਤਾ ਸੱਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਦਿੱਲੀ ਨੂੰ ਭਾਰਤ ਦੀ ਰਾਜਧਾਨੀ ਵਜੋਂ ਵਿਕਸਤ ਕਰਨ ਲਈ ਇਹ ਜ਼ਰੂਰੀ ਹੈ ਕਿ ਦਿੱਲੀ ਸਰਕਾਰ ਅਤੇ ਕੇਂਦਰ ਹੱਥ ਮਿਲਾ ਕੇ ਕੰਮ ਕਰਨ

Arvind Kejriwal meets PM Modi, invites him to visit mohalla clinic & school in Delhi

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਿੱਲੀ ਦੇ ਮੁਹੱਲਾ ਕਲੀਨਿਕਾਂ ਅਤੇ ਸਕੂਲਾਂ ਦਾ ਦੌਰਾ ਕਰਨ ਦੀ ਅਪੀਲ ਕੀਤੀ। ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਸੱਦੀ ਸਰਬ-ਪਾਰਟੀ ਬੈਠਕ ਵਿਚ ਸ਼ਰੀਕ ਨਾ ਹੋਏ ਕੇਜਰੀਵਾਲ ਨੇ ਕੇਂਦਰ ਨੂੰ ਅਪਣੀ ਸਰਕਾਰ ਵਲੋਂ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਵੀ ਦਵਾਇਆ। ਕੇਂਦਰ ਵਿਚ ਭਾਜਪਾ ਨੀਤ ਐਨਡੀਏ ਦੇ ਦੂਜੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਕੇਜਰੀਵਾਲ ਦੀ ਇਹ ਪਹਿਲੀ ਮਿਲਣੀ ਹੈ।

ਕੇਜਰੀਵਾਲ ਅਨੁਸਾਰ ਬੈਠਕ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਕ ਮੁਹੱਲਾ ਕਲੀਨਿਕ ਅਤੇ 'ਆਪ' ਸਰਕਾਰ ਵਲੋਂ ਵਿਕਸਤ ਕੀਤੇ ਜਾ ਰਹੇ ਇਕ ਸਰਕਾਰੀ ਸਕੂਲ ਦਾ ਦੌਰਾ ਕਰਨ ਦੀ ਅਪੀਲ ਵੀ ਕੀਤੀ। ਕੇਜਰੀਵਾਲ ਨੇ ਮਿਲਣੀ ਤੋਂ ਬਾਅਦ ਟਵੀਟ ਕਰ ਕੇ ਕਿਹਾ, ''ਅਯੂਸ਼ਮਾਨ ਭਾਰਤ ਯੋਜਨਾ 'ਤੇ ਚਰਚਾ ਹੋਈ। ਮਾਨਯੋਗ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਦਿੱਲੀ ਸਰਕਾਰ ਦੀ ਦਿੱਲੀ ਸਿਹਤ ਯੋਜਨਾ ਕਾਫ਼ੀ ਵੱਡੀ ਅਤੇ ਵਿਆਪਕ ਯੋਜਨਾ ਹੈ।''

ਮੁੱਖ ਮੰਤਰੀ ਨੇ ਕਿਹਾ, ''ਹਾਲਾਂਕਿ, ਉਨ੍ਹਾਂ ਇਸ ਸਬੰਘੀ ਪੜਤਾਲ ਕਰਨ ਦਾ ਭਰੋਸਾ ਦਵਾਇਆ ਕਿ ਕੀ ਆਯੂਸ਼ਮਾਨ ਭਾਰਤ ਯੋਜਨਾ ਨੂੰ ਵੀ ਸਾਡੀ ਯੋਜਨਾ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।'' ਮੋਦੀ ਦੇ ਅਲੋਚਕ ਕੇਜਰੀਵਾਲ ਨੇ ਦਿੱਲੀ ਨੂੰ ਵਿਕਸਤ ਕਰਨ ਲਈ ਭਾਜਪਾ ਨੀਤ ਕੇਂਦਰ ਸਰਕਾਰ ਨਾਲ ਕੰਮ ਕਰਨ ਦੀ ਵੀ ਇੱਛਾ ਜਤਾਈ।

ਉਨ੍ਹਾਂ ਇਕ ਹੋਰ ਟਵੀਨ ਵਿਚ ਕਿਹਾ, ''ਦਿੱਲੀ ਸਰਕਾਰ ਦਾ ਪੂਰਾ ਸਹਿਯੋਗ ਦਾ ਭਰੋਸਾ ਦਵਾਇਆ। ਦਿੱਲੀ ਨੂੰ ਭਾਰਤ ਦੀ ਰਾਜਧਾਨੀ ਵਜੋਂ ਵਿਕਸਤ ਕਰਨ ਲਈ ਇਹ ਜ਼ਰੂਰੀ ਹੈ ਕਿ ਦਿੱਲੀ ਸਰਕਾਰ ਅਤੇ ਕੇਂਦਰ ਹੱਥ ਮਿਲਾ ਕੇ ਕੰਮ ਕਰਨ।'' ਉਨ੍ਹਾਂ ਟਵੀਟ ਕੀਤਾ, ''ਦਿੱਲੀ ਸਰਕਾਰ ਦੀ ਯੋਜਨਾ ਬਾਰਸ਼ ਦੇ ਮੌਸਮ ਵਿਚ ਯਮੁਨਾ ਦੇ ਪਾਣੀ ਨੂੰ ਇਕੱਠਾ ਕਰਨ ਦੀ ਵੀ ਹੈ। (ਬਾਰਸ਼ ਦੇ) ਇਕ ਮੌਸਮ ਦਾ ਪਾਣੀ ਦਿੱਲੀ ਦੀ ਇਕ ਸਾਲ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਾਫ਼ੀ ਹੈ। ਇਸ ਵਿਚ ਕੇਂਦਰ ਦੇ ਸਹਿਯੋਗ ਲਈ ਵੀ ਅਪੀਲ ਕੀਤੀ ਹੈ।''