ਕਠੂਆ ਦੇ ਹੀਰਾ ਨਗਰ ਸੈਕਟਰ 'ਚ ਬੀ.ਐਸ.ਐਫ਼ ਨੇ ਪਾਕਿ ਦੇ ਜਾਸੂਸੀ ਡਰੋਨ ਨੂੰ ਮਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਹੱਦੀ ਸੁਰੱਖਿਆ ਬਲ ਨੇ ਅੱਜ  ਜੰਮੂ-ਕਸ਼ਮੀਰ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਇਕ ਪਾਕਿਸਤਾਨੀ ਡਰੋਨ ਨੂੰ ਗੋਲੀ

File Photo

ਜੰਮੂ, 20 ਜੂਨ(ਸਰਬਜੀਤ ਸਿੰਘ) : ਸਰਹੱਦੀ ਸੁਰੱਖਿਆ ਬਲ ਨੇ ਅੱਜ  ਜੰਮੂ-ਕਸ਼ਮੀਰ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਇਕ ਪਾਕਿਸਤਾਨੀ ਡਰੋਨ ਨੂੰ ਗੋਲੀ ਮਾਰ ਕੇ ਹੇਠਾਂ ਸੁੱਟ ਲਿਆ, ਇਸ ਤਰ੍ਹਾਂ ਪਾਕਿ ਏਜੰਸੀਆਂ ਦੀ ਸਰਹੱੱਦ ਪਾਰੋਂ ਹਥਿਆਰ ਸੁੱਟਣ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਗਿਆ। ਡਰੋਨ ਨੂੰ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਤਹਿਸੀਲ ਦੇ ਰਠੂਆ ਪਿੰਡ 'ਚ ਪੈਂਦੀ ਫਾਰਵਰਡ ਪੋਸਟ 'ਤੇ ਸੁਟਿਆ ਗਿਆ ਸੀ।

ਜਾਣਕਾਰੀ ਅਨੁਸਾਰ ਬੀਐਸਐਫ ਦੀ 19 ਬਟਾਲੀਅਨ ਦੀ ਗਸ਼ਤ ਪਾਰਟੀ ਨੇ ਹੀਰਾਨਗਰ ਸੈਕਟਰ ਦੇ ਕਠੂਆ ਖੇਤਰ ਵਿਚ ਉਡਾਣ ਭਰ ਰਹੇ ਇਕ ਪਾਕਿਸਤਾਨੀ ਡਰੋਨ ਨੂੰ ਵੇਖਿਆ ਅਤੇ ਇਸ 'ਤੇ ਗੋਲੀਆਂ ਚਲਾਈਆਂ ਤੇ ਡਰੋਨ ਨੂੰ ਹੇਠਾਂ ਸੁੱਟ ਲਿਆ। ਬੀਐਸਐਫ ਟੀਮ ਨੇ ਹੈਕਸਾ ਡਰੋਨ ਨਾਲ ਬੰਨੀ ਐਮ-4 ਯੂਐਸ ਰਾਈਫਲ, 2 ਮੈਗਜ਼ੀਨ, 60 ਰਾਉਂਡ ਗੋਲੀਆਂ ਅਤੇ 7 ਗ੍ਰੇਨੇਡ, ਜੀਪੀਐਸ 2 ਰੇਡੀਉ ਸਿਗਨਲ ਪ੍ਰਾਪਤ ਕਰਨ ਵਾਲਾ 1 ਸਿਸਟਮ ਅਤੇ 4 ਬੈਟਰੀਆਂ ਬਰਾਮਦ ਕੀਤੀਆ ਹਨ।  

ਸਨਿਚਰਵਾਰ ਸਵੇਰੇ ਲਗਭਗ 5.10 ਵਜੇ ਬੀਐਸਐਫ ਦੇ ਬਾਰਡਰ ਚੌਕੀ ਪਨੇਸਰ ਨੇੜੇ ਇਕ ਪਾਕਿਸਤਾਨੀ ਜਾਸੂਸ ਹੈਕਸਾ ਕੌਪਟਰ ਡਰੋਨ ਉਡਾਣ ਭਰਦਾ ਵੇਖਿਆ ਗਿਆ। ਡਰੋਨ ਨੂੰ ਟਰੈਕ ਕੀਤੇ ਜਾਣ ਤੋਂ ਬਾਅਦ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਇਸ ਤੇ ਅਪਣੀ ਸਰਕਾਰੀ ਪਿਸਟਲ 9 ਐਮ.ਐਮ ਬੈਰੇਟਾ ਦੇ ਨਾਲ 8 ਰਾਊਂਡ ਫਾਇਰ ਕੀਤੇ ਅਤੇ ਡਰੋਨ ਨੂੰ ਹੇਠਾਂ ਸੁੱਟ ਲਿਆ। ਜਦੋਂ ਡਰੋਨ ਨੂੰ ਹੇਠਾਂ ਸੁਟਿਆ ਗਿਆ ਤਾਂ ਇਹ ਭਾਰਤੀ ਖੇਤਰ ਦੇ ਅੰਦਰ ਲਗਭਗ 150 ਤੋਂ 200 ਫ਼ੁੱਟ ਦੀ ਉਚਾਈ 'ਤੇ ਸੀ।

ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਡਰੋਨ ਉਪਰ ਅਲੀ ਭਾਈ ਦਾ ਨਾਂ ਮਿਲਿਆ ਹੈ, ਇਹ ਮੰਨਦੇ ਹੋਏ ਕਿ ਡਰੋਨ ਦੀ ਸਪੁਰਦਗੀ ਉਸ ਲਈ ਸੀ। ਅਧਿਕਾਰੀ ਦਾ ਮੰਨਣਾ ਹੈ ਕਿ 8 ਫ਼ੁੱਟ ਚੌੜੇ, 17.5 ਕਿਲੋਗ੍ਰਾਮ ਭਾਰੇ ਇਸ ਡਰੋਨ ਨੂੰ ਬੀਐਸਐਫ ਦੇ ਪਨੇਸਰ ਚੌਕੀ ਦੇ ਸਾਹਮਣੇ ਪੈਂਦੇ ਪਾਕਿਸਤਾਨ ਪਿਕਟ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਸੀ।ਜ਼ਿਕਰਯੋਗ ਹੈ ਕਿ ਫੌਜ ਨੇ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਕੋਲੋਂ ਵੀ ਅਜਿਹੇ ਹਥਿਆਰ ਬਰਾਮਦ ਕੀਤੇ ਸਨ, ਜੋ ਕੁਝ ਮਹੀਨੇ ਪਹਿਲਾਂ ਟੋਲ ਪਲਾਜ਼ਾ ਨਗਰੋਟਾ ਵਿਖੇ ਮਾਰੇ ਗਏ ਸਨ। ਪਾਕਿਸਤਾਨੀ ਏਜੰਸੀਆਂ ਦੁਆਰਾ ਹਥਿਆਰਾਂ ਦੀ ਤਸਕਰੀ ਦਾ ਉਦੇਸ਼ ਕਸ਼ਮੀਰ ਵਿਚ ਜੈਸ਼-ਏ-ਮੁਹੰਮਦ ਦੀ ਹਿੰਸਕ ਕਾਰਵਾਈਆਂ ਦੀ ਤਾਕਤ ਨੂੰ ਵਧਾਉਣਾ ਅਤੇ ਕਸ਼ਮੀਰ ਵਿਚ ਸ਼ਾਂਤੀ ਵਿਵਸਥਾ ਨੂੰ ਭੰਗ ਕਰਨਾ ਹੈ।