ਭਾਰਤ ਨੇ ਗਲਵਾਨ ਘਾਟੀ ਨੂੰ ਲੈ ਕੇ ਚੀਨ ਦੇ ਦਾਅਵੇ ਨੂੰ ਕੀਤਾ ਖ਼ਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਪੂਰਬੀ ਲੱਦਾਖ 'ਚ ਗਲਵਾਨਾ ਘਾਟੀ 'ਤੇ ਪ੍ਰਭੁਸੱਤਾ ਨੂੰ ਲੈ ਕੇ ਚੀਨ ਦੇ ਦਾਅਵੇ ਨੂੰ ਸਨਿਚਰਵਾਰ ਨੂੰ ਖ਼ਾਰਜ ਕਰਦੇ ਹੋਏ ਜੋਰ ਦਿਤਾ

File Photo

ਨਵੀਂ ਦਿੱਲੀ, 20 ਜੂਨ : ਭਾਰਤ ਨੇ ਪੂਰਬੀ ਲੱਦਾਖ 'ਚ ਗਲਵਾਨਾ ਘਾਟੀ 'ਤੇ ਪ੍ਰਭੁਸੱਤਾ ਨੂੰ ਲੈ ਕੇ ਚੀਨ ਦੇ ਦਾਅਵੇ ਨੂੰ ਸਨਿਚਰਵਾਰ ਨੂੰ ਖ਼ਾਰਜ ਕਰਦੇ ਹੋਏ ਜੋਰ ਦਿਤਾ ਕਿ ਚੀਨੀ ਪੱਖ ਵਲੋਂ ''ਵਧਾ ਚੜ੍ਹਾ ਕੇ ਅਤੇ ਝੂਠੇ'' ਦਾਅਵੇ ਕਰਨ ਦੀਆਂ ਕੋਸ਼ਿਸ਼ਾਂ ਸਵੀਕਾਰ ਨਹੀਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਗਲਵਾਨ ਘਾਟੀ 'ਤੇ ਚੀਨ ਦਾ ਦਾਅਵਾ ਚੀਨ ਦੀ ਪੁਰਾਣੀ ਸਥਿਤੀ ਦੇ ਮੁਤਾਬਕ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਨੀ ਪੱਖ ਵਲੋਂ ਕਬਜ਼ੇ ਦੇ ਕਿਸੀ ਵੀ ਕੋਸ਼ਿਸ਼ ਦਾ ਹਮੇਸ਼ਾ ਸਾਡੇ ਵਲੋਂ ਉਚਿਤ ਜਵਾਬ ਦਿਤਾ ਗਿਆ ਹੈ।

ਉਨ੍ਹਾਂ ਕਿਹਾ, ''ਗਲਵਾਨ ਘਾਟੀ ਦੇ ਸਬੰਧ ਵਿਚ ਸਥਿਤੀ ਇਤਿਹਾਸਕ ਤੌਰ 'ਤੇ ਸਪਸ਼ਟ ਹੈ। ਗਲਵਾਨ ਘਾਟੀ 'ਚ ਅਸਲ ਕੰਟਰੋਲ ਲਾਈਨ (ਐਲਏਸੀ) ਨੂੰ ਲੈ ਕੇ ਚੀਨੀ ਪੱਖ ਵਲੋਂ ਵਧਾ ਚੜ੍ਹਾ ਕੇ ਅਤੇ ਝੂਠੇ ਦਾਅਵੇ ਕਰਨ ਦੀਆਂ ਕੋਸ਼ਿਸ਼ਾਂ ਸਵੀਕਾਰ ਨਹੀਂ ਹੈ। ਗਲਵਾਨ 'ਤੇ ਚੀਨ ਦਾ ਦਾਵਆ ਚੀਨ ਦੀ ਪੁਰਾਣੀ ਸਥਿਤੀ ਦੇ ਮੁਤਾਬਕ ਨਹੀਂ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸ ਮੁੱਦੇ 'ਤੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤੀ ਫ਼ੌਜਾਂ ਗਲਵਾਨ ਘਾਟੀ ਸਮੇਤ ਭਾਰਤ-ਚੀਨ ਸਰਹੱਦ ਖੇਤਰਾਂ ਦੇ ਸਾਰੇ ਸੈਕਟਰਾਂ 'ਚ ਐਲਏਸੀ ਦੀ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੁ ਹਨ। ਉਨ੍ਹਾਂ ਕਿਹਾ ਭਾਰਤ ਨੇ ਐਲਏਸੀ ਦੇ ਪਾਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਫ਼ੌਜ ਲੰਮੇ ਸਮੇਂ ਤੋਂ ਇਸ ਇਲਾਕੇ 'ਚ ਗਸ਼ਤ ਕਰਦੀ ਰਹਿੰਦੀ ਹੈ ਅਤੇ ਕੋਈ ਘਟਨਾ ਨਹੀਂ ਵਾਪਰੀ। ਸ੍ਰੀਵਾਸਤਵ ਨੇ ਕਿਹਾ ਕਿ ਮਈ ਦੇ ਮੱਧ ਤੋਂ ਭਾਰਤ-ਚੀਨ ਸਰਹੱਦ ਖੇਤਰਾਂ ਦੇ ਪਛਮੀ ਸੈਕਟਰ ਦੇ ਹੋਰ ਇਲਾਕਿਆਂ 'ਚ ਚੀਨੀ ਪੱਖ ਨੇ ਐਲਏਸੀ ਦੀ ਉਲੰਘਣਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਨੇ ਕਿਹਾ, ''ਚੀਨੀ ਪੱਖ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਸਾਡੇ ਵਲੋਂ ਹਮੇਸ਼ਾਂ ਉਚਿਤ ਜਵਾਬ ਦਿਤਾ ਗਿਆ ਹੈ।'' ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਚੀਨੀ ਪੱਖ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਵਿਚਾਲੇ ਹਾਲ ਹੀ 'ਚ ਸਰਹੱਦੀ ਖੇਤਰਾਂ 'ਚ ਸ਼ਾਂਤੀ ਨੂੰ ਯਕੀਨੀ ਕਰਨ ਲਈ ਬਣੀ ਸਹਿਮਤੀ ਦਾ ਇਮਾਨਦਾਰੀ ਨਾਲ ਪਾਲਣ ਕਰੇਗਾ। (ਪੀਟੀਆਈ)