ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ : ਹਵਾਈ ਫ਼ੌਜ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਅਸੀਂ ਜਾਣਦੇ ਹਾਂ ਕਿ ਚੀਨੀ ਫ਼ੌਜ ਦੇ ਹਵਾਈ ਅੱਡੇ ਕਿਥੇ ਹਨ

Air Chief

ਹੈਦਰਾਬਾਦ, 20 ਜੂਨ : ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਸਨਿਚਰਵਾਰ ਨੂੰ ਇਥੇ ਕਿਹਾ ਕਿ ਹਵਾਈ ਫ਼ੌਜ ਅਸਲ ਸਰਹਦੀ ਰੇਖਾ 'ਤੇ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਹਲਾਤ ਦਾ ਅੰਦਾਜ਼ਾ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਟੀਚਾ ਪੂਰਾ ਰਕਨ ਲਈ ਦ੍ਰਿੜ ਹੈ ਅਤੇ ਕਿਸੀ ਵੀ ਐਮਰਜੰਸੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਅਤੇ ਢੁਕਵੀਂ ਥਾਂ 'ਤੇ ਤੈਨਾਤ ਹੈ। ਇਥੇ ਡੁੰਡੀਗਲ ਵਿਚ ਹਵਾਈ ਫ਼ੌਜ ਅਕਾਦਮੀ (ਏਏਐਫ਼) ਵਿਚ ਕੰਮਬਾਈਂਡ ਗ੍ਰੈਜੂਏਸ਼ਨ ਪ੍ਰੇਡ (ਸੀ.ਜੀ.ਪੀ) ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਟੀਚਾ ਪੂਰਾ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਉਹ ਲਦਾਖ਼ ਦੀ ਗਲਵਾਨ ਘਾਟੀ ਵਿਚ ਸਾਡੇ ਸੂਰਵੀਰਾਂ ਦੇ ਬਲਿਦਾਨ ਨੂੰ ਕਦੇ ਅਜਾਈ ਨਹੀਂ ਜਾਣ ਦੇਵੇਗੀ।

 ਉਨ੍ਹਾਂ ਕਿਹਾ,''ਇਹ ਬਿਲਕੁਲ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਕਿਸੀ ਵੀ ਐਮਰਜੰਸੀ ਸਥਿਤੀ ਨਾਲ ਨਜਿੱਠਣ ਲਈ ਯੋਗ ਥਾਂ 'ਤੇ ਤੈਨਾਤ ਹਾਂ। ਉਨ੍ਹਾਂ ਕਿਹਾ ਕਿ ਦੇਸ਼ਭਰ ਵਿਚ ਭਾਰਤੀ ਹਵਾਈ ਫ਼ੌਜ ਦੇ ਅਡਿਆਂ 'ਤੇ ਉਹ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ ਜੋ ਸਥਿਤੀ ਨਾਲ ਨਜਿੱਠਣ ਲਈ ਜ਼ਰੂਰੀ ਹਨ।'' ਉਨ੍ਹਾਂ ਚੀਨੀ ਹਵਾਈ ਅਡਿਆਂ ਸਬੰਧੀ ਸਵਾਲ 'ਤੇ ਕਿਹਾ,''ਅਸੀਂ ਜਾਣਦੇ ਹਾਂ ਉਨ੍ਹਾਂ ਦੇ (ਚੀਨੀ) ਅੱਡੇ ਕਿਥੇ ਹਨ। ਅਸੀਂ ਜਾਣਦੇ ਹਾਂ ਉਨ੍ਹਾਂ ਦੇ ਹਵਾਈ ਖੇਤਰ ਕਿਥੇ ਹਨ, ਉਨ੍ਹਾਂ ਦੀ ਤੈਨਾਤੀ ਕਿਥੇ ਹੈ, ਉਨ੍ਹਾਂ ਦੇ ਚਾਲੂ ਅੱਡੇ ਕਿਥੇ ਹਨ।'' (ਪੀਟੀਆਈ)