ਹੁਣ ਨਹੀਂ ਚੱਲਣਗੀਆਂ 1 ਅਧਿਕਾਰੀ ਕੋਲ 2 ਕੋਠੀਆਂ, ਦੋਹਰੇ ਚਾਰਜ ਵਾਲੇ IPS ਨੂੰ ਮਿਲੇਗਾ ਸਿਰਫ਼ 1 ਸਰਕਾਰੀ ਮਕਾਨ  

ਏਜੰਸੀ

ਖ਼ਬਰਾਂ, ਰਾਸ਼ਟਰੀ

26 ਆਈਪੀਐਸ ਕੋਲ ਦੋ ਜਾਂ ਦੋ ਤੋਂ ਵੱਧ ਅਹੁਦਿਆਂ ਦਾ ਚਾਰਜ ਹੈ। ਇਨ੍ਹਾਂ ਵਿਚ 9 ਆਈਪੀਐਸ ਹਨ, ਜਿਨ੍ਹਾਂ ਕੋਲ ਵੱਖ-ਵੱਖ ਅਹੁਦਿਆਂ ਦਾ ਚਾਰਜ ਹੈ

Notice

ਕਰਨਾਲ - ਹਰਿਆਣਾ 'ਚ ਹੁਣ 2 ਜਗ੍ਹਾ ਸਰਕਾਰੀ ਕੋਠੀਆਂ ਵਾਲੇ ਆਈਪੀਐਸ ਅਧਿਕਾਰੀਆਂ ਨੂੰ ਇਕ ਘਰ ਖਾਲੀ ਕਰਨਾ ਪਵੇਗਾ। ਜੇਕਰ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਅਸਾਮੀਆਂ ਦਾ ਚਾਰਜ ਹੈ ਤਾਂ ਘਰ ਇਕ ਥਾਂ 'ਤੇ ਹੀ ਮਿਲੇਗਾ। ਡੀਜੀਪੀ ਪੀਕੇ ਅਗਰਵਾਲ ਨੇ ਅਜਿਹੇ ਸਾਰੇ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਕਿਹਾ ਹੈ ਕਿ ਜੇਕਰ ਕਿਸੇ ਕੋਲ ਦੋ ਘਰ ਹਨ ਤਾਂ ਇੱਕ ਖਾਲੀ ਕਰ ਦਿੱਤਾ ਜਾਵੇਗਾ। 5-6 ਆਈ.ਪੀ.ਐਸ ਦੇ ਕੋਲ ਦੋ ਥਾਵਾਂ 'ਤੇ ਮਕਾਨ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। 

ਇਹ ਮਾਮਲਾ ਗ੍ਰਹਿ ਮੰਤਰੀ ਅਨਿਲ ਵਿੱਜ ਤੱਕ ਪਹੁੰਚਿਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਇਸ 'ਤੇ ਇਤਰਾਜ਼ ਜਤਾਇਆ। ਹੁਣ ਡੀਜੀਪੀ ਵੱਲੋਂ ਸਾਰੇ ਪੁਲਿਸ ਯੂਨਿਟ ਮੁਖੀਆਂ, ਸੀਆਈਡੀ ਮੁਖੀਆਂ ਅਤੇ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਹੈ ਜੋ ਪੰਚਕੂਲਾ ਅਤੇ ਚੰਡੀਗੜ੍ਹ ਵਿਚ ਤਾਇਨਾਤ ਹਨ। ਦਰਅਸਲ, ਸੂਬੇ ਦੇ ਅਧਿਕਾਰੀਆਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਵਿਚ ਸਰਕਾਰੀ ਘਰ ਦਿੱਤੇ ਜਾਂਦੇ ਹਨ ਅਤੇ ਪੁਲਿਸ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਪੰਚਕੂਲਾ ਅਤੇ ਹੋਰ ਸ਼ਹਿਰਾਂ ਵਿੱਚ। ਕੁਝ ਅਫ਼ਸਰਾਂ ਨੂੰ ਮੁੱਢਲੀ ਪੋਸਟ ਤੋਂ ਇਲਾਵਾ ਕਿਸੇ ਅਹੁਦੇ ਦਾ ਵਾਧੂ ਚਾਰਜ ਦਿੱਤਾ ਜਾਂਦਾ ਹੈ।

ਦੂਜੇ ਪਾਸੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮੇਰੇ ਧਿਆਨ ਵਿਚ ਆਇਆ ਹੈ ਕਿ ਕੁਝ ਅਫਸਰਾਂ ਦੇ ਦੋ-ਦੋ ਘਰ ਹੋ ਸਕਦੇ ਹਨ। ਜਦਕਿ ਅਜਿਹਾ ਨਹੀਂ ਹੋਣਾ ਚਾਹੀਦਾ। ਇਸੇ ਲਈ ਪੱਤਰ ਲਿਖਿਆ ਗਿਆ ਸੀ ਕਿ ਇੱਕ ਅਧਿਕਾਰੀ ਦਾ ਇੱਕ ਹੀ ਘਰ ਹੋਣਾ ਚਾਹੀਦਾ ਹੈ। ਹੁਣ ਰਿਪੋਰਟ ਵਿਚ ਪਤਾ ਲੱਗੇਗਾ ਕਿ ਕਿਸ-ਕਿਸ ਕੋਲ ਦੋ-ਦੋ ਘਰ ਹਨ। 

26 ਆਈਪੀਐਸ ਕੋਲ ਦੋ ਜਾਂ ਦੋ ਤੋਂ ਵੱਧ ਅਹੁਦਿਆਂ ਦਾ ਚਾਰਜ ਹੈ। ਇਨ੍ਹਾਂ ਵਿਚ 9 ਆਈਪੀਐਸ ਹਨ, ਜਿਨ੍ਹਾਂ ਕੋਲ ਵੱਖ-ਵੱਖ ਅਹੁਦਿਆਂ ਦਾ ਚਾਰਜ ਹੈ। ਅਜਿਹੇ 'ਚ ਦੋਵਾਂ ਥਾਵਾਂ 'ਤੇ ਉਨ੍ਹਾਂ ਦੀਆਂ ਕੋਠੀਆਂ ਹੋਣ ਦੀ ਪੂਰੀ ਸੰਭਾਵਨਾ ਹੈ।