Pune Porsche Accident Case : ਨਾਬਾਲਗ ਆਰੋਪੀ ਦੇ ਪਿਤਾ ਨੂੰ ਸੈਸ਼ਨ ਕੋਰਟ ਤੋਂ ਮਿਲੀ ਜ਼ਮਾਨਤ
19 ਮਈ ਨੂੰ ਕਥਿਤ ਤੌਰ 'ਤੇ ਨਾਬਾਲਗ ਆਰੋਪੀ ਨਸ਼ੇ ਦੀ ਹਾਲਤ 'ਚ ਸੀ ਅਤੇ ਤੇਜ਼ ਰਫਤਾਰ ਨਾਲ ਪੋਰਸ਼ ਕਾਰ ਚਲਾ ਰਿਹਾ ਸੀ
Pune Porsche Accident Case : ਪੁਣੇ ਦੇ ਪੋਰਸ਼ ਮਾਮਲੇ 'ਚ ਨਾਬਾਲਗ ਆਰੋਪੀ ਦੇ ਪਿਤਾ ਨੂੰ ਪੁਣੇ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਮਾਮਲੇ 'ਚ 10 ਦਿਨ ਪਹਿਲਾਂ ਬਹਿਸ ਹੋਈ ਸੀ, ਜਿਸ ਤੋਂ ਬਾਅਦ ਅੱਜ ਪੁਣੇ ਸੈਸ਼ਨ ਕੋਰਟ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ।
ਦੱਸ ਦੇਈਏ ਕਿ 19 ਮਈ ਨੂੰ ਕਥਿਤ ਤੌਰ 'ਤੇ ਨਾਬਾਲਗ ਆਰੋਪੀ ਨਸ਼ੇ ਦੀ ਹਾਲਤ 'ਚ ਸੀ ਅਤੇ ਤੇਜ਼ ਰਫਤਾਰ ਨਾਲ ਪੋਰਸ਼ ਕਾਰ ਚਲਾ ਰਿਹਾ ਸੀ। ਇਸ ਦੌਰਾਨ ਕਲਿਆਣੀ ਨਗਰ ਇਲਾਕੇ ਵਿੱਚ ਕਾਰ ਦੀ ਟੱਕਰ ਨਾਲ ਦੋ ਸਾਫਟਵੇਅਰ ਇੰਜਨੀਅਰ ਅਨੀਸ਼ ਅਵਾਡੀਆ ਅਤੇ ਅਸ਼ਵਨੀ ਕੋਸ਼ਟਾ ਦੀ ਮੌਤ ਹੋ ਗਈ ਸੀ।
ਹਾਦਸੇ ਵਾਲੇ ਦਿਨ ਹੀ ਜੁਵੇਨਾਈਲ ਜਸਟਿਸ ਬੋਰਡ ਨੇ ਨਾਬਾਲਗ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ ਉਸ ਨੂੰ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੀ ਦੇਖ-ਰੇਖ 'ਚ ਰੱਖਣ ਦਾ ਹੁਕਮ ਦਿੱਤਾ ਸੀ। ਜ਼ਮਾਨਤ ਦੀ ਇਕ ਸ਼ਰਤ ਇਹ ਸੀ ਕਿ ਉਸ ਨੂੰ ਸੜਕ ਸੁਰੱਖਿਆ 'ਤੇ 300 ਸ਼ਬਦਾਂ ਦਾ ਲੇਖ ਲਿਖਣਾ ਹੋਵੇਗਾ। ਹਾਲਾਂਕਿ, ਪੁਲਿਸ ਨੇ ਬਾਅਦ ਵਿੱਚ ਬੋਰਡ ਦੇ ਸਾਹਮਣੇ ਇੱਕ ਅਰਜ਼ੀ ਦਾਇਰ ਕਰਕੇ ਜ਼ਮਾਨਤ ਦੇ ਆਦੇਸ਼ ਵਿੱਚ ਸੋਧ ਦੀ ਮੰਗ ਕੀਤੀ ਸੀ। ਬੋਰਡ ਨੇ 22 ਮਈ ਨੂੰ ਨਾਬਾਲਗ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਬਾਲ ਘਰ ਭੇਜਣ ਦੇ ਹੁਕਮ ਦਿੱਤੇ ਸਨ।
ਮਾਪਿਆਂ ਨੂੰ ਵੀ ਕੀਤਾ ਗਿਆ ਸੀ ਗ੍ਰਿਫਤਾਰ
ਇਸ ਮਾਮਲੇ 'ਚ 17 ਸਾਲਾ ਲੜਕੇ ਦੇ ਪਿਤਾ ਅਤੇ ਰੀਅਲ ਅਸਟੇਟ ਡਿਵੈਲਪਰ ਵਿਸ਼ਾਲ ਅਗਰਵਾਲ ਅਤੇ ਉਸ ਦੀ ਮਾਂ ਨੂੰ ਨਾਬਾਲਗ ਦੇ ਖੂਨ ਦੇ ਸੈਂਪਲ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ।
ਦਾਦੇ ਨੂੰ ਵੀ ਕੀਤਾ ਸੀ ਗ੍ਰਿਫਤਾਰ
ਇਸ ਮਾਮਲੇ 'ਚ ਆਰੋਪੀ ਦੇ ਦਾਦੇ 'ਤੇ ਡਰਾਈਵਰ ਨੂੰ ਧਮਕੀਆਂ ਦੇਣ ਅਤੇ ਦਬਾਅ ਪਾਉਣ ਦਾ ਆਰੋਪ ਸੀ। ਪੁਲਸ ਨੇ ਅਦਾਲਤ 'ਚ ਦੱਸਿਆ ਸੀ ਕਿ ਆਰੋਪੀ ਦੇ ਦਾਦਾ ਸੁਰਿੰਦਰ ਅਗਰਵਾਲ ਨੇ ਆਪਣੇ ਡਰਾਈਵਰ ਗੰਗਾਰਾਮ 'ਤੇ ਹਾਦਸੇ ਦੀ ਜ਼ਿੰਮੇਵਾਰੀ ਲੈਣ ਲਈ ਦਬਾਅ ਪਾਇਆ ਸੀ। ਇੰਨਾ ਹੀ ਨਹੀਂ ਉਸ ਨੇ ਉਸ ਨੂੰ ਅਗਵਾ ਕਰਕੇ ਆਪਣੇ ਬੰਗਲੇ ਵਿਚ ਕੈਦ ਕਰ ਲਿਆ ਸੀ। ਘਰ 'ਚੋਂ ਕੁਝ ਸੀਸੀਟੀਵੀ ਫੁਟੇਜ ਬਰਾਮਦ ਹੋਈ, ਜਿਸ ਨਾਲ ਉਸ ਦੇ ਅਪਰਾਧ ਦੀ ਪੁਸ਼ਟੀ ਹੋਈ ਸੀ।