ਨਮ ਅੱਖਾਂ ਨਾਲ ਕੀਤਾ ਸ਼ੀਲਾ ਦੀਕਸ਼ਤ ਦਾ ਅੰਤਮ ਸਸਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ, ਭਾਜਪਾ ਆਗੂਆਂ ਸਮੇਤ ਹਜ਼ਾਰਾਂ ਲੋਕਾਂ ਨੇ ਦਿਤੀ ਵਿਦਾਇਗੀ

Sheila Dikshit cremated with full state honours

ਨਵੀਂ ਦਿੱਲੀ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ (81) ਦਾ ਅੱਜ ਅੰਤਮ ਸਸਕਾਰ ਦਿੱਲੀ ਦੇ ਨਿਗਮ ਬੋਧ ਘਾਟ 'ਤੇ ਕੀਤਾ ਗਿਆ। ਉਨ੍ਹਾਂ ਦੇ ਅੰਤਮ ਸਸਕਾਰ ਸਮੇਂ ਹਜ਼ਾਰਾਂ ਲੋਕ ਮੌਜੂਦ ਸਨ। ਉਨ੍ਹਾਂ ਦੇ ਅੰਤਮ ਸੰਸਕਾਰ ਵਿਚ ਕਾਂਗਰਸ, ਭਾਜਪਾ, ਆਪ ਸਮੇਤ ਸਿਆਸੀ ਦਲਾਂ ਦੇ ਦਿੱਗਜ਼ ਨੇਤਾ ਸ਼ਾਮਲ ਹੋਏ। ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ੀਲਾ ਦੀਕਸ਼ਤ ਦੇ ਅੰਤਮ ਸੰਸਕਾਰ 'ਚ ਸ਼ਾਮਲ ਹੋਏ। ਸ਼ੀਲਾ ਦੀ ਅੰਤਮ ਵਿਦਾਈ ਦੇ ਸਮੇਂ ਸਮਰਥਕਾਂ ਨੇ 'ਜਦੋਂ ਤਕ ਸੂਰਜ ਚਾਂਦ ਰਹੇਗਾ, ਸ਼ੀਲਾ ਜੀ ਦਾ ਨਾਮ ਰਹੇਗਾ' ਦੇ ਨਾਅਰੇ ਲਾਏ। ਭਾਰੀ ਬਾਰਿਸ਼ ਦੇ ਬਾਵਜੂਦ ਲੋਕ ਸ਼ੀਲਾ ਦੀਕਸ਼ਤ ਨੂੰ ਅੰਤਮ ਵਿਦਾਈ ਦੇਣ ਲਈ ਪੁੱਜੇ।

ਇਸ ਤੋਂ ਪਹਿਲਾਂ ਸ਼ੀਲਾ ਦੀਕਸ਼ਤ ਦੀ ਮ੍ਰਿਤਕ ਦੇਹ ਨੂੰ ਕਾਂਗਰਸ ਦੇ ਦਿੱਲੀ ਸਥਿਤ ਮੁੱਖ ਦਫ਼ਤਰ 'ਚ ਅੰਤਮ ਦਰਸ਼ਨ ਲਈ ਰੱਖਿਆ ਗਿਆ ਸੀ। ਜਿਥੇ ਸੋਨੀਆ ਗਾਂਧੀ, ਪ੍ਰਿਅੰਕਾ ਵਾਡਰਾ ਗਾਂਧੀ, ਕਮਲਨਾਥ ਸਮੇਤ ਕਈ ਆਗੂਆਂ ਅਤੇ ਹੋਰ ਲੋਕਾਂ ਨੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੋਨੀਆ ਗਾਂਧੀ ਨੇ ਕਿਹਾ, "ਸ਼ੀਲਾ ਮੇਰੀ ਵੱਡੀ ਭੈਣ ਅਤੇ ਦੋਸਤ ਸੀ। ਅੱਜ ਮੈਂ ਆਪਣਾ ਦੋਸਤ ਗੁਆ ਦਿੱਤਾ ਹੈ।"

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੇਰ ਸ਼ਾਮ ਪੂਬਰੀ ਨਿਜ਼ਾਮੁਦੀਨ ਸਥਿਤ ਸ਼ੀਲਾ ਦੀਕਸ਼ਤ ਦੇ ਘਰ ਪੁੱਜੇ ਅਤੇ ਸ਼ਰਧਾਂਜਲੀ ਦਿੱਤੀ ਸੀ। ਇਸ ਤੋਂ ਇਲਾਵਾ ਡਾ. ਮਨਮੋਹਨ ਸਿੰਘ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਮੇਤ ਕਈ ਆਗੂ ਉਨ੍ਹਾਂ ਦੇ ਦਰਸ਼ਨ ਲਈ ਪੱਜੇ ਸਨ।

ਪੰਜਾਬ ਦੇ ਕਪੂਰਥਲਾ 'ਚ ਹੋਇਆ ਸੀ ਜਨਮ :
ਸ਼ੀਲਾ ਦੀਕਸ਼ਤ ਦਾ ਜਨਮ 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ 'ਚ ਹੋਇਆ। ਉਨ੍ਹਾਂ ਨੇ ਦਿੱਲੀ ਦੇ ਕਾਨਵੈਂਟ ਆਫ਼ ਜੀਸਸ ਐਂਡ ਮੈਰੀ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਫਿਰ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਮਾਸਟਰਜ਼ ਆਫ਼ ਆਰਟਸ ਦੀ ਡਿਗਰੀ ਹਾਸਲ ਕੀਤੀ ਸੀ। ਸ਼ੀਲਾ ਸਾਲ 1984 ਤੋਂ 1989 ਤਕ ਉੱਤਰ ਪ੍ਰਦੇਸ਼ ਦੇ ਕੰਨੌਜ ਤੋਂ ਸੰਸਦ ਮੈਂਬਰ ਰਹੀ। ਬਤੌਰ ਸੰਸਦ ਮੈਂਬਰ ਉਹ ਲੋਕ ਸਭਾ ਦੀ ਐਸਟਿਮੇਟਸ ਕਮੇਟੀ ਦਾ ਹਿੱਸਾ ਵੀ ਰਹੀ। ਸ਼ੀਲਾ ਨੂੰ ਦਿੱਲੀ ਦਾ ਚਿਹਰਾ ਬਦਲਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਕਾਰਜਕਾਲ 'ਚ ਦਿੱਲੀ 'ਚ ਵੱਖ-ਵੱਖ ਵਿਕਾਸ ਕੰਮ ਹੋਏ। ਸਨਿਚਰਵਾਰ ਦੁਪਹਿਰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਰਹੇ। 

ਗਾਂਧੀ-ਨਹਿਰੂ ਪਰਵਾਰ ਦੀ ਕਰੀਬੀ ਸਨ :
ਕਾਂਗਰਸ ਪਾਰਟੀ ਦਿੱਲੀ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ 'ਤੇ ਉਤਾਰਨ ਦੀ ਤਿਆਰੀ 'ਚ ਸੀ। ਦਿੱਲੀ 'ਚ ਕਾਂਗਰਸ ਦੀ ਸਰਕਾਰ ਜਾਣ ਤੋਂ ਬਾਅਦ ਸ਼ੀਲਾ ਕੇਰਲ ਦੀ ਰਾਜਪਾਲ ਵੀ ਰਹੀ ਸੀ। ਇਸ ਤੋਂ ਇਲਾਵਾ ਕਾਂਗਰਸ ਨੇ ਯੂ.ਪੀ. ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ 'ਤੇ ਵੀ ਪੇਸ਼ ਕੀਤਾ ਸੀ। ਸ਼ੀਲਾ ਨੂੰ ਹਮੇਸ਼ਾ ਤੋਂ ਗਾਂਧੀ-ਨਹਿਰੂ ਪਰਿਵਾਰ ਦਾ ਕਰੀਬੀ ਮੰਨਿਆ ਜਾਂਦਾ ਸੀ।