ਮੁੱਖ ਮੰਤਰੀ ਦਾ ਸਚਿਨ ਪਾਇਲਟ 'ਤੇ ਤਿੱਖਾ ਹਮਲਾ
ਜਿਸ ਨੂੰ ਮਾਣ-ਸਨਮਾਨ ਦਿਤਾ, ਉਹੀ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਨ ਨੂੰ ਤਿਆਰ ਹੋ ਗਿਆ : ਗਹਿਲੋਤ
ਜੈਪੁਰ, 20 ਜੁਲਾਈ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਾਗ਼ੀ ਆਗੂ ਸਚਿਨ ਪਾਇਲਟ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਿਸ ਵਿਅਕਤੀ ਨੂੰ ਕਾਂਗਰਸ ਪ੍ਰਦੇਸ਼ ਪ੍ਰਧਾਨ ਦੇ ਰੂਪ ਵਿਚ ਏਨਾ ਮਾਣ-ਸਨਮਾਨ ਮਿਲਿਆ, ਉਹੀ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਲਈ ਤਿਆਰ ਹੋ ਗਿਆ।
ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਸ਼ਾਇਦ ਹੀ ਅਜਿਹੀ ਕੋਈ ਮਿਸਾਲ ਵੇਖਣ ਨੂੰ ਮਿਲੇ ਕਿ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨੇ ਅਪਣੀ ਹੀ ਪਾਰਟੀ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਸ਼ ਕੀਤੀ।
ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਨਿਕੰਮਾ ਅਤੇ ਨਕਾਰਾ' ਹੋਣ ਦੇ ਬਾਵਜੂਦ ਪਾਇਲਟ ਸੱਤ ਸਾਲ ਤਕ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਰਿਹਾ ਪਰ ਪਾਰਟੀ ਦੇ ਹਿੱਤ ਨੂੰ ਧਿਆਨ ਵਿਚ ਰਖਦਿਆਂ ਕਿਸੇ ਨੇ ਇਸ 'ਤੇ ਸਵਾਲ ਨਹੀਂ ਚੁਕਿਆ। ਉਨ੍ਹਾਂ ਕਿਹਾ, 'ਹਿੰਦੁਸਤਾਨ ਵਿਚ ਰਾਜਸਥਾਨ ਅਜਿਹਾ ਇਕੋ ਰਾਜ ਹੈ ਜਿਥੇ ਸੱਤ ਸਾਲ ਵਿਚ ਪ੍ਰਦੇਸ਼ ਪ੍ਰਧਾਨ ਨੂੰ ਬਦਲਣ ਦੀ ਕਦੇ ਮੰਗ ਨਹੀਂ ਹੋਈ।
ਅਸੀਂ ਜਾਣਦੇ ਸੀ ਕਿ ਨਿਕੰਮਾ ਹੈ, ਨਕਾਰਾ ਹੈ, ਕੋਈ ਕੰਮ ਨਹੀਂ ਕਰ ਰਿਹਾ ਤੇ ਸਿਰਫ਼ ਲੋਕਾਂ ਨੂੰ ਲੜਾ ਰਿਹਾ ਹੈ।' ਉਨ੍ਹਾਂ ਕਿਹਾ, 'ਫਿਰ ਵੀ ਰਾਜਸਥਾਨ ਵਿਚ ਸਾਡਾ ਸਭਿਆਚਾਰ ਅਜਿਹਾ ਹੈ , ਅਸੀਂ ਨਹੀਂ ਚਾਹੁੰਦੇ ਸੀ ਕਿ ਦਿੱਲੀ ਵਿਚ ਲੱਗੇ ਕਿ ਰਾਜਸਥਾਨ ਵਾਲੇ ਲੜ ਰਹੇ ਹਨ। ਉਨ੍ਹਾਂ ਦਾ ਮਾਨ-ਸਨਮਾਨ ਰਖਿਆ। ਪ੍ਰਦੇਸ਼ ਕਾਂਗਰਸ ਨੂੰ ਕਿਵੇਂ ਸਨਮਾਨ ਦਿਤਾ ਜਾਂਦਾ ਹੈ, ਉਹ ਮੈਂ ਰਾਜਸਥਾਨ ਵਿਚ ਲੋਕਾਂ ਨੂੰ ਸਿਖਾਇਆ। ਉਮਰ ਅਹੁਦਾ ਮਾਇਨੇ ਨਹੀਂ ਰਖਦਾ।'
ਮੁੱਖ ਮੰਤਰੀ ਨੇ ਕਿਹਾ ਕਿ ਮਾਣ ਸਨਮਾਨ ਪੂਰਾ ਦਿਤਾ, ਸੱਭ ਕੁੱਝ ਦਿਤਾ। ਉਹ ਵਿਅਕਤੀ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਨ ਲਈ ਤਿਆਰ ਹੋ ਗਿਆ। ਜ਼ਿਕਰਯੋਗ ਹੈ ਕਿ ਅਸ਼ੋਕ ਗਹਿਲੋਤ ਸਰਕਾਰ ਨੂੰ ਡੇਗਣ ਦੀ ਸਾਜ਼ਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਕਾਂਗਰਸ ਨੇ ਪਾਇਲਟ ਨੂੰ ਕਾਂਗਰਸ ਪ੍ਰਦੇਸ਼ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿਤਾ ਹੈ। (ਏਜੰਸੀ)
ਮਾਸੂਮ ਚਿਹਰਾ ਪਰ..
ਗਹਿਲੋਤ ਨੇ ਕਿਹਾ, 'ਕਿਸੇ ਨੂੰ ਯਕੀਨ ਨਹੀਂ ਹੁੰਦਾ ਸੀ ਜਦ ਮੈਂ ਕਹਿੰਦਾ ਸੀ ਕਿ ਸਰਕਾਰ ਡੇਗਣ ਦੀ ਸਾਜ਼ਸ਼ ਚੱਲ ਰਹੀ ਹੈ। ਹੁਣ ਕਿਸੇ ਨੂੰ ਯਕੀਨ ਨਹੀਂ ਹੁੰਦਾ ਕਿ ਇਹ ਵਿਅਕਤੀ ਅਜਿਹਾ ਕੰਮ ਕਰ ਸਕਦਾ ਹੈ। ਮਾਸੂਮ ਚਿਹਰਾ, ਬੋਲਣ ਲਈ ਹਿੰਦੀ ਅਤੇ ਅੰਗਰੇਜ਼ੀ 'ਤੇ ਚੰਗੀ ਪਕੜ। ਪੂਰੇ ਦੇਸ਼ ਵਿਚ ਮੀਡੀਆ ਨੂੰ ਪ੍ਰਭਾਵਤ ਕੀਤਾ ਹੋਇਆ ਸੀ ਕਿ ਜਿਵੇਂ ਮੈਂ ਬਹੁਤ ਮਿਹਨਤ ਕੀਤੀ ਅਤੇ ਮੈਂ ਹੀ ਰਾਜ ਲੈ ਕੇ ਆਇਆ ਰਾਜਸਥਾਨ ਵਿਚ। ਪਰ ਲੋਕ ਜਾਣਦੇ ਹਨ ਕਿ ਯੋਗਦਾਨ ਕਿਸ ਦਾ ਸੀ।'