ਗਰਭਵਤੀ ਨੂੰ ਹੋਇਆ ਕੋਰੋਨਾ ਤੇ ਪਤੀ ਨੇ ਪਛਾਣਨ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਬਾਰੇ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ।

corona

ਲਖਨਊ, 20 ਜੁਲਾਈ : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਬਾਰੇ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਨੇ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਪਿਛੋਂ ਅਪਣੀ ਗਰਭਵਤੀ ਪਤਨੀ ਨੂੰ ਪਛਾਨਣ ਤੋਂ ਇਨਕਾਰ ਕਰ ਦਿਤਾ। ਦੱਸਿਆ ਜਾ ਰਿਹਾ ਹੈ ਕਿ ਔਰਤ ਗਰਭਵਤੀ ਸੀ, ਪਰ ਸਮੇਂ ਸਿਰ ਸਰਜਰੀ ਨਾ ਹੋਣ ਕਰ ਕੇ ਬੱਚੇ ਦੀ ਮਾਂ ਦੇ ਪੇਟ ਵਿਚ ਹੀ ਮੌਤ ਹੋ ਗਈ। ਇਸ ਤੋਂ ਬਾਅਦ ਪਤਨੀ ਨਾਲ ਪਤੀ ਦੇ ਅਜਿਹੇ ਵਿਵਹਾਰ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਜਾਣਕਾਰੀ ਅਨੁਸਾਰ ਇੰਦਰਾਨਗਰ ਦੀ ਰਹਿਣ ਵਾਲੀ 24 ਸਾਲਾ ਹਿਨਾ ਦਾ ਵਿਆਹ ਫ਼ਰਵਰੀ 2019 ਵਿਚ ਚੰਦਨ ਪਿੰਡ ਦੇ ਰਹਿਣ ਵਾਲੇ ਫਕਰੂਲ ਨਾਲ ਹੋਇਆ ਸੀ। 

4 ਜੁਲਾਈ ਨੂੰ ਮਹਿਲਾ ਨੂੰ ਜਣੇਪੇ ਲਈ ਲੋਹੀਆ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਡਾਕਟਰਾਂ ਨੇ ਹਿਨਾ ਦਾ ਨਮੂਨਾ ਲਿਆ ਅਤੇ ਕੋਰੋਨਾ ਵਾਇਰਸ ਦੀ ਜਾਂਚ ਕੀਤੀ। ਜਾਂਚ ਰਿਪੋਰਟ ਵਿਚ ਉਹ ਕੋਰੋਨਾ ਪੀੜਤ ਪਾਈ ਗਈ। ਇਸ ਤੋਂ ਬਾਅਦ ਹਸਪਤਾਲ ਦੇ ਸਟਾਫ਼ ਨੇ ਇਸ ਬਾਰੇ ਉਸ ਦੇ ਪਤੀ ਫਕਰੂਲ ਨੂੰ ਦਸਿਆ। ਜਿਵੇਂ ਹੀ ਉਸ ਨੂੰ ਇਹ ਪਤਾ ਲੱਗਾ, ਅਪਣੀ ਪਤਨੀ ਹਿਨਾ ਦੀ ਮਦਦ ਕਰਨ ਦੀ ਬਜਾਏ, ਉਸ ਨੇ ਉਸ ਨੂੰ ਹਸਪਤਾਲ ਵਿਚ ਛੱਡ ਕੇ ਭੱਜ ਗਿਆ।

ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਹਸਪਤਾਲ ਦੇ ਕਰਮਚਾਰੀਆਂ ਨੇ ਫਕਰੂਲ ਨੂੰ ਫ਼ੋਨ ਕੀਤਾ ਤਾਂ ਉਸ ਨੇ ਆਪਣੀ ਪਤਨੀ ਨੂੰ ਪਛਾਣਨ ਤੋਂ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਔਰਤ ਦੇ ਪਿਤਾ ਨੇ ਫਕਰੂਲ ਦਾ ਨੰਬਰ ਲਾਇਆ। ਇਸ ਵਾਰ ਉਸ ਨੇ ਕਿਹਾ ਕਿ ਉਸ ਨੇ ਕੋਰੋਨਾ ਤੋਂ ਪੀੜਤ ਅਪਣੀ ਪਤਨੀ ਨਾਲ ਕਿਸੇ ਕਿਸਮ ਦਾ ਸਬੰਧ ਨਹੀਂ ਰਖਣਾ। ਇਸ ਤੋਂ ਬਾਅਦ ਉਸ ਦੀ ਭੈਣ ਇਕੱਲੇ ਹਸਪਤਾਲ ਵਿਚ ਪਈ ਹਿਨਾ ਦੀ ਦੇਖਭਾਲ ਕਰਨ ਲਈ ਪਹੁੰਚੀ ਅਤੇ ਦੋਹਾਂ ਨੂੰ ਲੋਕਬੰਦ ਹਸਪਤਾਲ ਭੇਜ ਦਿਤਾ ਗਿਆ। (ਏਜੰਸੀ)