ਅਦਾਲਤ ਨੇ ਮਨੀਪੁਰ ਵੀਡੀਓ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਚਾਰੇ ਮੁਲਜ਼ਮਾਂ ਨੂੰ 11 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਟਨਾ ਬਾਰੇ ਪ੍ਰਧਾਨ ਮੰਤਰੀ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਨਰਾਜ਼ਗੀ ਅਤੇ ਗੁੱਸਾ ਜ਼ਾਹਰ ਕੀਤਾ ਹੈ।

photo

 

ਨਵੀਂ ਦਿੱਲੀ: ਮਨੀਪੁਰ ਵਿਚ ਔਰਤਾਂ ਨਾਲ ਛੇੜਛਾੜ ਦੇ ਵਾਇਰਲ ਹੋਏ ਵੀਡੀਓ ਵਿਚ ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ 11 ਦਿਨਾਂ ਲਈ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਹੈ। ਮਨੀਪੁਰ ਪੁਲਿਸ ਨੇ ਸ਼ੁੱਕਰਵਾਰ (21 ਜੁਲਾਈ) ਨੂੰ ਇਹ ਜਾਣਕਾਰੀ ਦਿਤੀ। ਮਨੀਪੁਰ ਵਿਚ ਦੋ ਕਬਾਇਲੀ ਔਰਤਾਂ ਨੂੰ ਨੰਗਾ ਕਰ ਕੇ ਘੁਮਾਏ ਜਾਣ ਦੀ ਘਟਨਾ ਮਗਰੋਂ ਦੇਸ਼ ਵਾਸੀਆਂ ਦਾ ਗੁੱਸਾ ਭੜਕ ਰਿਹਾ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਨਰਾਜ਼ਗੀ ਅਤੇ ਗੁੱਸਾ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਮਾਮਲੇ ਨੂੰ ਸਖ਼ਤੀ ਨਾਲ ਨਜਿੱਠਣ ਦਾ ਭਰੋਸਾ ਦਿਤਾ ਗਿਆ ਹੈ।

ਗ੍ਰਿਫਤਾਰ ਕੀਤੇ ਗਏ ਚਾਰਾਂ ਵਿਚੋਂ ਇਕ ਬਾਰੇ ਦੱਸਿਆ ਪੁਲਿਸ ਨੇ ਕਿਹਾ ਕਿ ਇਹ ਵਿਅਕਤੀ ਬੀ. ਫੈਨੋਮ ਪਿੰਡ ਵਿਚ ਵਾਪਰੀ ਘਟਨਾ ਵਿਚ ਸ਼ਾਮਲ ਭੀੜ ਦਾ ਹਿੱਸਾ ਸੀ ਅਤੇ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਪੀੜਤ ਔਰਤਾਂ ਵਿਚੋਂ ਇਕ ਨੂੰ ਖਿੱਚ ਕੇ ਲੈ ਕੇ ਜਾ ਰਹੇ ਹਨ।

ਪੁਲਿਸ ਅਨੁਸਾਰ ਮੁਲਜ਼ਮ ਨੂੰ ਥੌਬਲ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਦੀ ਪਛਾਣ 32 ਸਾਲਾ ਹੁਰੇਮ ਹਰਦਾਸ ਸਿੰਘ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਹੋਰ ਤਿੰਨ ਵਿਅਕਤੀਆਂ ਦੇ ਵੇਰਵੇ ਅਜੇ ਉਪਲਬਧ ਨਹੀਂ ਹਨ।