Pune News : ਸ਼ਰਦ ਪਵਾਰ ਭ੍ਰਿਸ਼ਟਾਚਾਰ ਦੇ ਸਰਗਨਾ, ਊਧਵ ‘ਔਰੰਗਜ਼ੇਬ ਫੈਨ ਕਲੱਬ’ ਦੇ ਮੁਖੀ : ਅਮਿਤ ਸ਼ਾਹ
ਰਾਹੁਲ ਗਾਂਧੀ ’ਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਹਾਰ ਦੇ ਬਾਵਜੂਦ ਹੰਕਾਰ ਵਿਖਾਉਣ ਦਾ ਦੋਸ਼ ਲਾਇਆ
Pune News : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਮੁਖੀ ਸ਼ਰਦ ਪਵਾਰ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਨੂੰ ਦੇਸ਼ ’ਚ ਭ੍ਰਿਸ਼ਟਾਚਾਰ ਦਾ ਸਰਗਨਾ ਕਰਾਰ ਦਿਤਾ।
ਪੁਣੇ ’ਚ ਭਾਜਪਾ ਦੇ ਸੂਬਾਈ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਹਾਰ ਦੇ ਬਾਵਜੂਦ ਹੰਕਾਰ ਵਿਖਾਉਣ ਦਾ ਦੋਸ਼ ਲਾਇਆ। ਉਨ੍ਹਾਂ ਨੇ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੂੰ ‘ਔਰੰਗਜ਼ੇਬ ਫੈਨ ਕਲੱਬ’ ਦਾ ਮੁਖੀ ਦਸਿਆ ਅਤੇ ਕਿਹਾ ਕਿ ਉਹ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਮਨ ਲਈ ਮੁਆਫੀ ਦੀ ਮੰਗ ਕਰਨ ਵਾਲਿਆਂ ਨਾਲ ਬੈਠੇ ਹਨ।
ਉਨ੍ਹਾਂ ਕਿਹਾ, ‘‘ਔਰੰਗਜ਼ੇਬ ਫੈਨ ਕਲੱਬ ਕੀ ਹੈ? ਉਹ ਜੋ ਕਸਾਬ (26/11 ਅਤਿਵਾਦੀ ਹਮਲੇ ਦੇ ਦੋਸ਼ੀ) ਨੂੰ ਬਿਰਯਾਨੀ ਖਵਾਉਂਦੇ ਹਨ, ਜੋ ਯਾਕੂਬ ਮੇਮਨ ਲਈ ਮੁਆਫੀ ਦੀ ਮੰਗ ਕਰਦੇ ਹਨ, ਜੋ (ਵਿਵਾਦਪੂਰਨ ਇਸਲਾਮੀ ਪ੍ਰਚਾਰਕ) ਜ਼ਾਕਿਰ ਨਾਇਕ ਨੂੰ ਸ਼ਾਂਤੀ ਦੂਤ ਪੁਰਸਕਾਰ ਦਿੰਦੇ ਹਨ ਅਤੇ ਜੋ (ਪਾਬੰਦੀਸ਼ੁਦਾ ਇਸਲਾਮਿਕ ਸੰਗਠਨ) ਪੀਐਫਆਈ ਦਾ ਸਮਰਥਨ ਕਰਦੇ ਹਨ। ਉਧਵ ਠਾਕਰੇ ਨੂੰ ਇਨ੍ਹਾਂ ਲੋਕਾਂ ਨਾਲ ਬੈਠਣ ’ਤੇ ਸ਼ਰਮ ਆਉਣੀ ਚਾਹੀਦੀ ਹੈ।’’
ਸ਼ਾਹ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ 2014 ਅਤੇ 2019 ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰੇਗੀ। ਪੁਣੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ, ‘‘ਸ਼ਰਦ ਪਵਾਰ ਨੇ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਬਣਾਇਆ।’’
ਉਨ੍ਹਾਂ ਕਿਹਾ, ‘‘ਭਾਰਤ ਦੇ ਲੋਕਾਂ ਨੇ ਹਾਲ ਹੀ ਦੀਆਂ ਲੋਕ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ’ਤੇ ਅਪਣੀ ਪ੍ਰਵਾਨਗੀ ਦੀ ਮੋਹਰ ਲਗਾ ਦਿਤੀ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ, ਝਾਰਖੰਡ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ’ਚ ਸਾਡੀ ਜਿੱਤ ਤੋਂ ਬਾਅਦ ਰਾਹੁਲ ਗਾਂਧੀ ਦਾ ਹੰਕਾਰ ਟੁੱਟ ਜਾਵੇਗਾ।’’