ਜੂਨ ਵਿਚ ਸੰਗਠਿਤ ਖੇਤਰ 'ਚ ਮਿਲੀਆਂ 6.55 ਲੱਖ ਨੌਕਰੀਆਂ, ਜਾਰੀ ਹੋਏ ਅੰਕੜੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਪੀਐਫਓ ਅਨੁਸਾਰ, ਜੂਨ ਵਿਚ ਨਵੀਆਂ ਰਜਿਸਟਰੀਆਂ ਵੱਧ ਕੇ 6.55 ਲੱਖ ਹੋ ਗਈਆਂ, ਜਦੋਂ ਕਿ ਮਈ ਵਿਚ ਇਹ ਗਿਣਤੀ ਸਿਰਫ਼ 1.72 ਲੱਖ ਸੀ

EPFO

ਨਵੀਂ ਦਿੱਲੀ - ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਦੇ ਅਨੁਸਾਰ, ਜੂਨ ਮਹੀਨੇ ਵਿਚ ਲਗਭਗ 6.55 ਲੱਖ ਨਵੇਂ ਲੋਕਾਂ ਨੂੰ ਸੰਗਠਿਤ ਸੈਕਟਰ ਵਿੱਚ ਨੌਕਰੀਆਂ ਮਿਲੀਆਂ ਹਨ। ਇਹ ਅੰਕੜੇ ਕੋਵਿਡ -19 ਸੰਕਟ ਦੇ ਅਜੋਕੇ ਦੌਰ ਵਿਚ ਸੰਗਠਿਤ ਸੈਕਟਰ ਵਿੱਚ ਰੁਜ਼ਗਾਰ ਦੀ ਸਥਿਤੀ ਨੂੰ ਦਰਸਾਉਂਦੇ ਹਨ।
ਮਈ ਵਿਚ ਇਹ ਗਿਣਤੀ ਬਹੁਤ ਘੱਟ ਸੀ

ਈਪੀਐਫਓ ਅਨੁਸਾਰ, ਜੂਨ ਵਿਚ ਨਵੀਆਂ ਰਜਿਸਟਰੀਆਂ ਵੱਧ ਕੇ 6.55 ਲੱਖ ਹੋ ਗਈਆਂ, ਜਦੋਂ ਕਿ ਮਈ ਵਿਚ ਇਹ ਗਿਣਤੀ ਸਿਰਫ਼ 1.72 ਲੱਖ ਸੀ। ਸ਼ੁੱਧ ਡਾਟੇ ਦਾ ਮਤਲਬ ਹੈ ਕਿ ਜੋ ਲੋਕ ਨੌਕਰੀ ਛੱਡ ਕੇ ਚਲੇ ਗਏ ਸਨ ਉਹਨਾਂ ਨੂੰ ਇਸ ਡਾਟੇ ਵਿਚੋਂ ਹਟਾ ਦਿੱਤਾ ਗਿਆ ਤੇ ਜਿਹੜੇ ਲੋਕ ਇਸ ਵਿਚ ਦੁਬਾਰਾ ਜੁੜੇ ਹਨ ਉਹਨਾਂ ਨੂੰ ਇਸ ਡਾਟੇ ਵਿਚ ਜੋੜ ਲਿਆ ਗਿਆ ਹੈ।

ਈਪੀਐਫਓ ਨੇ ਇਹ ਵੀ ਕਿਹਾ ਕਿ ਅਨੁਮਾਨ ਵਿਚ ਅਸਥਾਈ ਕਰਮਚਾਰੀ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਦਾ ਯੋਗਦਾਨ ਸਾਲ ਭਰ ਜਾਰੀ ਨਹੀਂ ਰਹਿ ਸਕਦਾ। ਕਰਮਚਾਰੀ ਭਵਿੱਖ ਨਿਧੀ ਸੰਗਠਨ ਨਾਲ ਜੁੜੇ ਕੁਲ ਹਿੱਸੇਦਾਰਾਂ ਦੀ ਗਿਣਤੀ ਛੇ ਕਰੋੜ ਤੋਂ ਵੱਧ ਹੈ। ਇਹ ਜਾਣਕਾਰੀ ਈਪੀਐਫਓ ਦੇ ਨਿਯਮਤ ਤਨਖ਼ਾਹ ਰਜਿਸਟਰ ਦੇ ਅਧਾਰ ਤੇ ਇਨ੍ਹਾਂ ਤਾਜ਼ਾ ਅੰਕੜਿਆਂ ਦੁਆਰਾ ਪ੍ਰਗਟ ਕੀਤੀ ਗਈ ਹੈ।

ਅਪ੍ਰੈਲ ਵਿਚ ਆਈ ਸੀ ਵੱਡੀ ਗਿਰਾਵਟ 
ਮਈ ਵਿਚ ਜਾਰੀ ਈਪੀਐਫਓ ਦੇ ਅੰਕੜਿਆਂ ਅਨੁਸਾਰ, ਨਵੀਆਂ ਰਜਿਸਟਰੀਆਂ ਦੀ ਗਿਣਤੀ ਮਾਰਚ 2020 ਵਿਚ ਘੱਟ ਕੇ 5.72 ਲੱਖ ਹੋ ਗਈ ਜੋ ਫਰਵਰੀ ਵਿਚ 10.21 ਲੱਖ ਸੀ। ਵੀਰਵਾਰ ਨੂੰ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ, ਅਪ੍ਰੈਲ ਵਿਚ ਨਵੀਆਂ ਰਜਿਸਟਰੀਆਂ ਸਿਰਫ਼ 20,164 ਸਨ ਜਦੋਂ ਕਿ ਜੁਲਾਈ ਵਿਚ ਜਾਰੀ ਅਸਥਾਈ ਅੰਕੜਿਆਂ ਵਿੱਚ ਇਹ ਗਿਣਤੀ ਇੱਕ ਲੱਖ ਸੀ। 

ਜ਼ਿਕਰਯੋਗ ਹੈ ਕਿ ਔਸਤਨ ਰੂਪ ਵਿਚ ਈਪੀਐਫਓ ਕੋਲ ਹਰ ਮਹੀਨੇ ਲਗਭਗ ਸੱਤ ਲੱਖ ਨਵੀਆਂ ਰਜਿਸਟਰੀਆਂ ਹੁੰਦੀਆਂ ਹਨ। ਅੰਕੜਿਆਂ ਅਨੁਸਾਰ ਵਿੱਤੀ ਸਾਲ 2019-20 ਦੌਰਾਨ ਨਵੇਂ ਗਾਹਕਾਂ ਦੀ ਕੁੱਲ ਗਿਣਤੀ ਵਧ ਕੇ 78.58 ਲੱਖ ਹੋ ਗਈ ਜੋ ਪਿਛਲੇ ਵਿੱਤੀ ਵਰ੍ਹੇ ਵਿਚ 61.12 ਲੱਖ ਸੀ। ਈਪੀਐਫਓ ਅਪ੍ਰੈਲ 2018 ਤੋਂ ਨਵੇਂ ਸ਼ੇਅਰ ਧਾਰਕਾਂ ਦਾ ਡਾਟਾ ਜਾਰੀ ਕਰ ਰਿਹਾ ਹੈ। ਇਸ ਵਿਚ ਸਤੰਬਰ, 2017 ਤੋਂ ਡੇਟਾ ਲਿਆ ਗਿਆ ਹੈ।