ਕੋਰੋਨਾ ਦੇ ਇਲਾਜ ਦਾ ਦਾਅਵਾ ਕਰਨ ਵਾਲੇ ਆਯੁਰਵੈਦ ਡਾਕਟਰ ‘ਤੇ SC ਨੇ ਠੋਕਿਆ 10 ਹਜ਼ਾਰ ਦਾ ਜ਼ੁਰਮਾਨਾ
ਜਾਣੋ ਕੀ ਹੈ ਮਾਮਲਾ
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਅਜਿਹੇ ਵਿਚ ਕਈ ਲੋਕ ਇਸ ਮੌਕੇ ਦਾ ਫਾਇਦਾ ਚੁੱਕ ਕੇ ਕੋਰੋਨਾ ਦੀ ਦਵਾਈ ਹੋਣ ਦਾ ਦਾਅਵਾ ਕਰ ਕੇ ਲੋਕਾਂ ਨੂੰ ਲੁੱਟ ਰਹੇ ਹਨ। ਅਜਿਹਾ ਹੀ ਇਕ ਦਾਅਵਾ ਹਰਿਆਣਾ ਦੇ ਇਕ ਡਾਕਟਰ ਨੇ ਕੀਤਾ ਸੀ, ਜਿਸ ਤੋਂ ਬਾਅਦ ਉਸ ‘ਤੇ ਸੁਪਰੀਮ ਕੋਰਟ ਨੇ 10,000 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਜਨਹਿੱਤ ਪਟੀਸ਼ਨ ਉਹਨਾਂ ਨੇ ਖੁਦ ਲਗਾਈ ਸੀ।
ਦਰਅਸਲ ਹਰਿਆਣਾ ਦੇ ਓਮਪ੍ਰਕਾਸ਼ ਵੈਦ ਨੂੰ ਕੋਰੋਨਾ ਵਾਇਰਸ ਦੇ ਇਲ਼ਾਜ ਦਾ ਦਾਅਵਾ ਕਰਨਾ ਭਾਰੀ ਪੈ ਗਿਆ ਹੈ। ਡਾਕਟਰ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਨੇ ਕੋਰੋਨਾ ਦੇ ਇਲਾਜ ਦੀ ਦਵਾਈ ਖੋਜ ਲਈ ਹੈ, ਉਸ ਦੀ ਦਵਾਈ ਦੀ ਵਰਤੋਂ ਦੇਸ਼ ਭਰ ਵਿਚ ਸਾਰੇ ਡਾਕਟਰਾਂ, ਹਸਪਤਾਲਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ।
ਆਯੁਰਵੈਦਿਕ ਦਵਾਈ ਅਤੇ ਬੀਏਐਮਐਸ ਦੀ ਡਿਗਰੀ ਰੱਖਣ ਵਾਲੇ ਡਾਕਟਰ ਨੇ ਪਟੀਸ਼ਨ ਵਿਚ ਅਦਾਲਤ ਨੂੰ ਕਿਹਾ ਸੀ ਕਿ ਉਹ ਭਾਰਤ ਸਰਕਾਰ ਦੇ ਸਿਹਤ ਵਿਭਾਗ ਸਕੱਤਰ ਨੂੰ ਕੋਰੋਨਾ ਦੇ ਇਲਾਜ ਲਈ ਉਹਨਾਂ ਵੱਲੋਂ ਬਣਾਈ ਗਈ ਦਵਾਈ ਦੀ ਵਰਤੋਂ ਕਰਨ ਦਾ ਆਦੇਸ਼ ਦੇਣ। ਦਲੀਲ ਵਿਚ ਦਾਅਵਾ ਕੀਤਾ ਗਿਆ ਹੈ ਕਿ ਡਾਕਟਰ ਕੋਲ ਦੇਸੀ ਦਵਾਈ ਦੇ ਰੂਪ ਵਿਚ ਕੋਰੋਨਾ ਵਾਇਰਸ ਦਾ ਇਲਾਜ ਹੈ।
ਜਸਟਿਸ ਸੰਜੇ ਕੌਲ ਦੀ ਅਗਵਾਈ ਵਾਲੀ ਬੈਂਚ ਨੇ ਇਸ ਤਰ੍ਹਾਂ ਦੇ ਬੇਬੁਨਿਆਦ ਦਾਅਵਿਆਂ ਅਤੇ ਸੁਪਰੀਮ ਕੋਰਟ ਵਿਚ ਇਸ ਤਰ੍ਹਾਂ ਦੀ ਜਨਹਿੱਤ ਪਟੀਸ਼ਨ ਦਰਜ ਕਰਨ ਖ਼ਿਲਾਫ਼ ਸਖ਼ਤ ਕਦਮ ਚੁੱਕਦੇ ਹੋਏ ਡਾਕਟਰ ‘ਤੇ 10 ਹਜ਼ਾਰ ਦਾ ਜ਼ੁਰਮਾਨਾ ਲਗਾ ਦਿੱਤਾ ਹੈ। ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ, ‘ਕੋਰਟ ਦਾ ਮੰਨਣਾ ਹੈ ਕਿ ਡਾਕਟਰ ਦੀ ਪਟੀਸ਼ਨ ਜ਼ਰੀਏ ਰੱਖੀ ਗਈ ਮੰਗ ਪੂਰੀ ਤਰ੍ਹਾਂ ਗਲਤ ਹੈ ਅਤੇ ਲੋਕਾਂ ਵਿਚ ਇਸ ਤਰ੍ਹਾਂ ਦਾ ਸੰਦੇਸ਼ ਜਾਣਾ ਜ਼ਰੂਰੀ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਰਜ ਨਹੀਂ ਕਰਨੀ ਚਾਹੀਦੀ’।