ਕੀ ਹੁੰਦੈ ਈ-ਪਾਸਪੋਰਟ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਸਪੋਰਟ ਨੂੰ ਲੈ ਕੇ ਆਉਣ ਵਾਲੇ ਸਮੇਂ ਵਿਚ ਵੱਡਾ ਫੇਰਬਦਲ ਹੋ ਸਕਦਾ ਹੈ। ਸੁਰੱਖਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਈ-ਪਾਸਪੋਰਟ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

E-Passport

ਨਵੀਂ ਦਿੱਲੀ - ਪਾਸਪੋਰਟ ਨੂੰ ਲੈ ਕੇ ਆਉਣ ਵਾਲੇ ਸਮੇਂ ਵਿਚ ਵੱਡਾ ਫੇਰਬਦਲ ਹੋ ਸਕਦਾ ਹੈ। ਸੁਰੱਖਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਈ-ਪਾਸਪੋਰਟ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੇ ਲਈ ਸਰਕਾਰ ਇਕ ਅਜਿਹੀ ਏਜੰਸੀ ਦੀ ਚੋਣ ਕਰਨਾ ਚਾਹੁੰਦੀ ਹੈ, ਜੋ ਇਨ੍ਹਾਂ ਈ-ਪਾਸਪੋਰਟਾਂ ਲਈ ਜ਼ਰੂਰੀ ਬੁਨਿਆਦੀ ਢਾਂਚਾ ਖੜ੍ਹਾ ਕਰ ਸਕੇ। ਨੈਸ਼ਨਲ ਇਨਫੋਰਮੈਟਿਕਸ ਸੈਂਟਰ ਵੱਲੋਂ ਇਸ ਯੋਜਨਾ ਲਈ ਰਿਕਵੈਸਟ ਫਾਰ ਪ੍ਰਪੋਜ਼ਲ ਜਾਰੀ ਕੀਤਾ ਗਿਆ ਹੈ।

ਉਂਝ ਸਰਕਾਰ ਨੇ ਇਸ ਦਾ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕਰ ਦਿੱਤਾ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਸਰਕਾਰ 20 ਹਜ਼ਾਰ ਸਰਕਾਰੀ ਅਤੇ ਡਿਪਲੋਮੈਟਿਕ ਈ-ਪਾਸਪੋਰਟ ਤਜ਼ਰਬੇ ਦੇ ਤੌਰ 'ਤੇ ਜਾਰੀ ਵੀ ਕਰ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਤੋਂ ਇਹ ਨਵੇਂ ਪਾਸਪੋਰਟ ਆਮ ਲੋਕਾਂ ਨੂੰ ਵੀ ਜਾਰੀ ਕੀਤੇ ਜਾਣਗੇ।

ਜੇ ਤੁਸੀਂ ਅਗਲੇ ਸਾਲ ਨਵੇਂ ਪਾਸਪੋਰਟ ਲਈ ਅਪਲਾਈ ਕਰਨਾ ਹੈ ਜਾਂ ਆਪਣਾ ਪੁਰਾਣਾ ਪਾਸਪੋਰਟ ਰਿਨਿਊ ਕਰਵਾਉਂਦੇ ਹੋ ਤਾਂ ਹੋ ਸਕਦਾ ਹੈ ਸ਼ਾਇਦ ਤੁਹਾਨੂੰ ਪਹਿਲਾਂ ਵਾਲੇ ਪਾਸਪੋਰਟ ਦੀ ਥਾਂ ਈ-ਪਾਸਪੋਰਟ ਹੀ ਜਾਰੀ ਕੀਤਾ ਜਾਵੇ। ਜਾਣਕਾਰੀ ਅਨੁਸਾਰ ਚੁਣੀ ਗਈ ਏਜੰਸੀ ਇਕ ਡੈਡੀਕੇਟਟ ਯੂਨਿਟ ਸਥਾਪਨਾ ਕਰੇਗੀ ਤਾਂ ਜੋ ਪ੍ਰਤੀ ਘੰਟਾ 10 ਹਜ਼ਾਰ ਤੋਂ ਲੈ ਕੇ 20 ਹਜ਼ਾਰ ਈ-ਪਾਸਪੋਰਟ ਜਾਰੀ ਕੀਤੇ ਜਾ ਸਕਣ। ਇਸ ਦੇ ਲਈ ਦਿੱਲੀ ਅਤੇ ਚੇਨਈ ਵਿਚ ਆਈਟੀ ਸਿਸਟਮ ਸਥਾਪਿਤ ਕੀਤੇ ਜਾਣ ਦੀ ਯੋਜਨਾ ਦੱਸੀ ਜਾ ਰਹੀ ਐ। 

ਈ-ਪਾਸਪੋਰਟ ਹੁੰਦਾ ਕੀ ਐ?
ਈ-ਪਾਸਪੋਰਟ ਇਕ ਅਜਿਹਾ ਪਾਸਪੋਰਟ ਹੁੰਦਾ ਹੈ, ਜਿਸ ਵਿਚ ਇਲੈਕਟ੍ਰੋਨਿਕ ਮਾਈਕ੍ਰੋਪ੍ਰੋਸੈਰ ਚਿੱਪ ਲੱਗੀ ਹੁੰਦੀ ਹੈ। ਫ਼ਿਲਹਾਲ ਭਾਰਤੀ ਨਾਗਰਿਕਾਂ ਨੂੰ ਜਿਹੜੇ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ, ਉਹ ਵਿਅਕਤੀ ਲਈ ਖ਼ਾਸ ਤੌਰ 'ਤੇ ਬਣਾਏ ਜਾਂਦੇ ਹਨ ਅਤੇ ਇਕ ਬੁੱਕ ਦੇ ਰੂਪ ਵਿਚ ਛਪੇ ਹੁੰਦੇ ਹਨ। ਐਰੋਸਪੇਸ, ਡਿਫ਼ੈਂਸ, ਟਰਾਂਸਪੋਰਟੇਸ਼ਨ ਅਤੇ ਸੁਰੱਖਿਆ ਮਾਰਿਕਟਸ ਲਈ ਇਲੈਕਟ੍ਰੋਨਿਕ ਸਿਸਟਮ ਬਣਾਉਣ ਵਾਲੇ ਅਤੇ ਸੇਵਾਵਾਂ ਮੁਹਈਆ ਕਰਵਾਉਣ ਵਾਲੇ ਥਾਲਿਸ ਗੁਰੱਪ ਦੇ ਮੁਤਾਬਕ ਈ-ਪਾਸਪੋਰਟ ਭਾਵੇਂ ਰਵਾਇਤੀ ਪਾਸਪੋਰਟ ਵਰਗੇ ਹੀ ਹੁੰਦੇ ਹਨ ਪਰ ਇਨ੍ਹਾਂ ਵਿਚ ਇੱਕ ਛੋਟੀ ਚਿੱਪ ਲੱਗੀ ਹੁੰਦੀ ਹੈ ਜੋ ਇਸ ਨੂੰ ਖ਼ਾਸ ਬਣਾਉਂਦੀ ਹੈ। ਇਹ ਚਿੱਪ ਪਾਸਪੋਰਟ ਦੇ ਕਵਰ ਜਾਂ ਇਸ ਦੇ ਸਫ਼ਿਆਂ ਵਿਚ ਲਗਾਈ ਜਾਂਦੀ ਹੈ।

ਇਸ ਛੋਟੀ ਜਿਹੀ ਚਿੱਪ ਦੇ ਕਾਰਨ ਹੀ ਇਸ ਪਾਸਪੋਰਟ ਨੂੰ ਵਧੇਰੇ ਡਿਜੀਟਲ ਸੁਰੱਖਿਆ ਹਾਸਲ ਹੋ ਜਾਂਦੀ ਹੈ। ਇਸ ਚਿੱਪ ਵਿਚ ਬਾਇਓਮੀਟ੍ਰਿਕਸ ਵੀ ਸ਼ਾਮਲ ਹੁੰਦੇ ਹਨ। ਇਸ ਦੇ ਨਾਲ ਹੀ ਚਿੱਪ ਪਾਸਪੋਰਟ ਦੀ ਮਿਆਦ ਨੂੰ ਸਾਬਤ ਕਰਨ ਵਿਚ ਵੀ ਸਹਾਈ ਹੁੰਦੀ ਹੈ। ਖ਼ਾਸ ਗੱਲ ਇਹ ਹੈ ਕਿ ਈ-ਪਾਸਪੋਰਟ ਵਿਚ ਦਰਜ ਜਾਣਕਾਰੀਆਂ ਨੂੰ ਬਦਲਿਆ ਨਹੀਂ ਜਾ ਸਕਦਾ, ਜਿਸ ਨਾਲ ਪਾਸਪੋਰਟਾਂ ਵਿਚ ਹੁੰਦੀ ਜਾਅਲਸਾਜ਼ੀ ਦੇ ਮਾਮਲੇ ਘਟਣਗੇ।

ਸਾਈਬਰ ਸੁਰੱਖਿਆ ਮਾਹਿਰਾਂ ਮੁਤਾਬਕ ਜੇਕਰ ਸੁਰੱਖਿਆ ਦੇ ਪੱਖ ਤੋਂ ਦੇਖੀਏ ਤਾਂ ਈ-ਪਾਸਪੋਰਟ ਵਿਚ ਯੂਜ਼ਰ ਦੀ ਡਿਜੀਟਲ ਪਛਾਣ ਵੈਰੀਫਾਈ ਹੁੰਦੀ ਹੈ। ਫਿਜ਼ੀਕਲ ਪਾਸਪੋਰਟ ਵਿਚ ਡੇਟਾ ਨੂੰ ਸਕੈਨ ਕਰ ਕੇ ਰੱਖਣਾ ਤੇ ਫਿਰ ਇਸ ਡਾਟਾ ਨੂੰ ਮੁੜ ਹਾਸਲ ਕਰਨਾ ਕਾਫ਼ੀ ਮੁਸ਼ਕਲ ਕੰਮ ਹੁੰਦਾ ਸੀ। ਮੁਜ਼ਰਮਾਂ ਦੇ ਦੇਸ਼ ਛੱਡ ਕੇ ਜਾਣ 'ਤੇ ਵੀ ਇਸ ਨਾਲ ਰੋਕ ਲੱਗ ਸਕੇਗੀ ਕਿਉਂਕਿ ਕਿਸੇ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਬਸ ਇਕ ਬਟਨ ਦੱਬਣ ਦੀ ਲੋੜ ਹਵੇਗੀ। ਲੋਕ ਇੱਕ ਤੋਂ ਦੂਜੇ ਦੇਸ਼ ਵਿੱਚ ਚੋਰੀ ਛਿਪੇ ਵੀ ਨਹੀਂ ਜਾ ਸਕਣਗੇ।

ਪਾਸਪੋਰਟਸ ਨੂੰ ਸਟੈਂਡਰਡਾਈਜ਼ ਕਰਨ ਦਾ ਕੰਮ ਕਰਨ ਵਾਲੀ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ ਮੁਤਾਬਕ ਦੁਨੀਆਂ ਦੇ 100 ਤੋਂ ਵਧੇਰੇ ਦੇਸ਼ ਜਾਂ ਗੈਰ-ਰਾਸ਼ਟਰੀ ਇਕਾਈਆਂ ਵੱਲੋਂ ਇਹ ਚਿੱਪ ਲੱਗੇ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ। ਇੱਕ ਅੰਦਾਜ਼ੇ ਮੁਤਾਬਕ ਦੁਨੀਆਂ ਵਿਚ ਇਸ ਸਮੇਂ ਕਰੀਬ 49 ਕਰੋੜ ਈ-ਪਾਸਪੋਰਟ ਵਰਤੋਂ ਵਿਚ ਹਨ। ਯੂਰਪ ਦੇ ਜ਼ਿਆਦਾਤਰ ਦੇਸ਼ਾਂ ਵਿਚ ਇਸ ਤਰ੍ਹਾਂ ਦੇ ਈ-ਪਾਸਪੋਰਟ ਵਰਤੇ ਜਾ ਰਹੇ ਹਨ।