ਮਹਿਬੂਬਾ ਮੁਫ਼ਤੀ ਦੀ ਚਿਤਾਵਨੀ- ‘ਜੇ ਜੰਮੂ-ਕਸ਼ਮੀਰ 'ਤੇ ਗੱਲਬਾਤ ਨਾ ਹੋਈ ਤਾਂ ਹੋਣਗੇ ਗੰਭੀਰ ਸਿੱਟੇ’

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਿਬੂਬਾ ਮੁਫ਼ਤੀ ਨੇ ਇਹ ਵੀ ਕਿਹਾ ਕਿ ਜੇਕਰ ਆਜ਼ਾਦੀ ਦੇ ਸਮੇਂ ਭਾਜਪਾ ਉੱਥੇ ਹੁੰਦੀ ਤਾਂ ਅੱਜ ਕਸ਼ਮੀਰ ਭਾਰਤ ਵਿਚ ਨਾ ਹੁੰਦਾ।

Mehbooba Mufti

 

ਸ੍ਰੀਨਗਰ: ਜੰਮੂ -ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁੱਖੀ ਮਹਿਬੂਬਾ ਮੁਫ਼ਤੀ (Mehbooba Mufti) ਨੇ ਤਾਲਿਬਾਨ ਦੀ ਉਦਾਹਰਣ ਦੇ ਕੇ ਮੋਦੀ ਸਰਕਾਰ ਨੂੰ ਚਿਤਾਵਨੀ (Warning) ਦਿੱਤੀ ਹੈ। ਸਬਰ ਦਾ ਬੰਨ੍ਹ ਟੁੱਟਣ ’ਤੇ ਹਟਾਉਣ ਅਤੇ ਮਿਟਾ ਦੇਣ ਦੀ ਧਮਕੀ ਦਿੰਦਿਆਂ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਮੋਦੀ ਸਰਕਾਰ (Modi Government) ਨੂੰ ਅਟਲ ਬਿਹਾਰੀ ਵਾਜਪਾਈ ਵਾਂਗ ਪਾਕਿਸਤਾਨ ਅਤੇ ਕਸ਼ਮੀਰੀਆਂ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਜ਼ਾਦੀ ਦੇ ਸਮੇਂ ਭਾਜਪਾ ਉੱਥੇ ਹੁੰਦੀ ਤਾਂ ਅੱਜ ਕਸ਼ਮੀਰ ਭਾਰਤ ਵਿਚ ਨਾ ਹੁੰਦਾ।

ਸ਼ਨੀਵਾਰ ਨੂੰ ਇਕ ਪ੍ਰੋਗਰਾਮ ਵਿਚ ਮਹਿਬੂਬਾ ਮੁਫ਼ਤੀ ਨੇ ਤਾਲਿਬਾਨ (Taliban) ਨਾਲ ਤੁਲਨਾ ਕਰਦੇ ਹੋਏ ਕਿਹਾ, "ਜਦੋਂ ਸਹਿਣਸ਼ੀਲਤਾ ਦਾ ਇਹ ਬੰਨ੍ਹ ਟੁੱਟ ਜਾਵੇਗਾ, ਤਦ ਤੁਸੀਂ ਨਹੀਂ ਰਹੋਗੇ, ਤੁਸੀਂ ਤਬਾਹ ਹੋ ਜਾਵੋਗੇ।" ਦੇਖੋ ਗੁਆਂਢ (Afghanistan) ਵਿਚ ਕੀ ਹੋ ਰਿਹਾ ਹੈ। ਉਨ੍ਹਾਂ ਨੂੰ ਵੀ ਉੱਥੋਂ ਬੋਰੀ-ਬਿਸਤਰਾ ਲੈ ਕੇ ਵਾਪਸ ਜਾਣਾ ਪਿਆ। ਤੁਹਾਡੇ ਲਈ ਅਜੇ ਵੀ ਇਕ ਮੌਕਾ ਹੈ, ਜਿਸ ਤਰ੍ਹਾਂ ਵਾਜਪਾਈ ਜੀ ਨੇ ਕਸ਼ਮੀਰ ਵਿਚ, ਬਾਹਰ ਵੀ (ਪਾਕਿਸਤਾਨ ਨਾਲ) ਅਤੇ ਇੱਥੇ ਵੀ ਗੱਲਬਾਤ ਸ਼ੁਰੂ ਕੀਤੀ, ਉਸੇ ਤਰ੍ਹਾਂ ਤੁਹਾਨੂੰ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ।

ਧਾਰਾ 370 ਹਟਾਏ ਜਾਣ ਅਤੇ ਸੂਬੇ ਦਾ ਦਰਜਾ ਹਟਾਉਂਦੇ ਹੋਏ ਜੰਮੂ-ਕਸ਼ਮੀਰ (Jammu and Kashmir) ਤੋਂ ਲੱਦਾਖ ਨੂੰ ਵੱਖ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਬਾਰੇ ਮਹਿਬੂਬਾ ਨੇ ਕਿਹਾ, “ਜੋ ਤੁਸੀਂ ਗੈਰ -ਕਾਨੂੰਨੀ ਢੰਗ ਨਾਲ ਖੋਹਿਆ ਹੈ, ਗੈਰ -ਸੰਵਿਧਾਨਕ ਤਰੀਕੇ ਨਾਲ ਜੰਮੂ -ਕਸ਼ਮੀਰ ਦਾ ਨੁਕਸਾਨ ਕੀਤਾ ਹੈ, ਟੁਕੜੇ-ਟੁਕੜੇ ਕਰ ਦਿੱਤੇ, ਇਹਨਾਂ ਨੂੰ ਵਾਪਸ ਕਰੋ ਨਹੀਂ ਤਾਂ ਬਹੁਤ ਦੇਰ ਹੋ ਜਾਏਗੀ”

ਇਸ ਦੇ ਨਾਲ ਹੀ ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੇ ਇਕ ਟੀਵੀ ਨਿਊਜ਼ ਚੈਨਲ ਨਾਲ ਗੱਲਬਾਤ ਵਿਚ ਮਹਿਬੂਬਾ ਮੁਫ਼ਤੀ ਨੂੰ ਗੱਦਾਰ ਦੱਸਿਆ ਅਤੇ ਕਿਹਾ ਕਿ ਉਹ ਜੰਮੂ -ਕਸ਼ਮੀਰ ਵਿਚ ਤਾਲਿਬਾਨ ਦਾ ਰਾਜ ਚਾਹੁੰਦੀ ਹੈ। ਰੈਨਾ ਨੇ ਕਿਹਾ, "ਭਾਰਤ ਇਕ ਸ਼ਕਤੀਸ਼ਾਲੀ ਦੇਸ਼ ਹੈ ਅਤੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਹੈ, ਚਾਹੇ ਉਹ ਤਾਲਿਬਾਨੀ ਹੋਵੇ, ਅਲਕਾਇਦਾ ਹੋਵੇ, ਜੈਸ਼ ਹੋਵੇ, ਹਿਜ਼ਬੁਲ ਹੋਵੇ, ਜੋ ਵੀ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਵਿਰੁੱਧ ਸਾਜ਼ਿਸ਼ ਰਚੇਗਾ ਉਸਨੂੰ ਮਿੱਟੀ ਵਿਚ ਮਿਲਾ ਦਿੱਤਾ ਜਾਵੇਗਾ। ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਹਨ, ਬਾਈਡਨ ਨਹੀਂ।"