UP: ਫਰਜ਼ੀ ਇੰਸਪੈਕਟਰ ਬਣ ਕੇ ਲੋਕਾਂ ’ਤੇ ਝਾੜਦਾ ਸੀ ਰੋਹਬ, ਪਤਨੀ ਨੇ ਕੀਤਾ ਪਰਦਾਫਾਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਨਾ ਹੀ ਨਹੀਂ ਉਹ ਆਪਣੀ ਪਤਨੀ ਨਾਲ ਕੁੱਟਮਾਰ ਵੀ ਕਰਦਾ ਸੀ। ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਔਰਤ ਨੇ ਆਪਣੇ ਪਤੀ ਦਾ ਪਰਦਾਫਾਸ਼ ਕਰ ਦਿੱਤਾ।

Fake Inspector in UP exposed by his Wife

 

ਰਾਮਪੁਰ: ਉੱਤਰ ਪ੍ਰਦੇਸ਼ (UP) ਦੇ ਰਾਮਪੁਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਫਰਜ਼ੀ ਇੰਸਪੈਕਟਰ (Fake inspector) ਬਣ ਕੇ ਇਲਾਕੇ ਦੇ ਲੋਕਾਂ ਉੱਤੇ ਰੋਹਬ ਝਾੜਦਾ ਸੀ। ਇੰਨਾ ਹੀ ਨਹੀਂ ਉਹ ਆਪਣੀ ਪਤਨੀ ਨੂੰ ਵੀ ਮਾਰਦਾ-ਕੁੱਟਦਾ ਸੀ। ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਔਰਤ ਨੇ ਆਪਣੇ ਪਤੀ ਦਾ ਪਰਦਾਫਾਸ਼ (Wife exposed him) ਕਰ ਦਿੱਤਾ। ਹੁਣ ਪੁਲਿਸ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਵਿਚ ਜੁੱਟ ਗਈ ਹੈ।

ਇਹ ਮਾਮਲਾ ਰਾਮਪੁਰ ਦੇ ਟਾਂਡਾ ਥਾਣਾ ਖੇਤਰ ਦਾ ਹੈ, ਜਿੱਥੇ ਵੀਰ ਸਿੰਘ ਨਾਂ ਦੇ ਵਿਅਕਤੀ ਦਾ ਰਿਸ਼ਤੇਦਾਰ ਗੈਰ-ਜ਼ਿਲ੍ਹੇ ਵਿਚ ਪੁਲਿਸ ਦੀ ਨੌਕਰੀ ਕਰਦਾ ਹੈ। ਆਪਣੇ ਰਿਸ਼ਤੇਦਾਰ ਦੀ ਵਰਦੀ ਪਾ ਕੇ ਵੀਰ ਸਿੰਘ ਪੁਲਿਸ ਅਫ਼ਸਰ ਬਣ ਕੇ ਆਪਣੇ ਆਲੇ ਦੁਆਲੇ ਦੇ ਲੋਕਾਂ ਉੱਤੇ ਰੋਹਬ ਜਮਾਉਂਦਾ ਸੀ। ਉਹ ਆਪਣੀ ਪਤਨੀ ਅਨੁਪਮ ਭਾਰਤੀ ਨਾਲ ਕੁੱਟਮਾਰ ਵੀ ਕਰਦਾ ਸੀ। ਪਤਨੀ ਨੇ ਪਰੇਸ਼ਾਨ ਹੋ ਕੇ ਪੁਲਿਸ ਕੋਲ ਆਪਣੇ ਪਤੀ ਦੀ ਸ਼ਿਕਾਇਤ ਕਰ ਦਿੱਤੀ। ਪੁਲਿਸ ਵਿਭਾਗ ਵਿਚ ਉਸ ਸਮੇਂ ਹਲਚਲ ਮਚ ਗਈ ਜਦੋਂ ਫਰਜ਼ੀ ਇੰਸਪੈਕਟਰ ਹੋਣ ਦੀ ਜਾਣਕਾਰੀ ਸਾਹਮਣੇ ਆਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਵੀਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਵਿਆਹ 2014 ਵਿਚ ਹੋਇਆ ਸੀ। ਇਕ ਸਾਲ ਬਾਅਦ ਪਤੀ ਨੇ ਉਸ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਇੰਨਾ ਹੀ ਨਹੀਂ ਉਸ ਦੀ ਸੱਸ, ਨਨਾਣ, ਜੀਜਾ ਵੀ ਉਸ ਦੀ ਕੁੱਟਮਾਰ ਕਰਦੇ ਸਨ। ਔਰਤ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਸ ਦਾ ਪਤੀ ਵੀਰ ਸਿੰਘ ਸਕੂਲ ਵਿਚ ਪੜ੍ਹਾਉਂਦਾ ਸੀ, ਇੱਥੇ ਇਕ ਵਿਦਿਆਰਥਣ ਸੀ, ਜਿਸ ਨੂੰ ਮੇਰਾ ਪਤੀ ਆਪਣੇ ਨਾਲ ਘੁੰਮਾਉਂਦਾ ਹੈ ਅਤੇ ਉਸ ਨਾਲ ਮੋਬਾਈਲ 'ਤੇ ਗੱਲ ਕਰਦਾ ਹੈ। ਉਸ ਨੇ ਮੇਰੇ ਤੋਂ ਤਲਾਕ ਦੀ ਮੰਗ ਵੀ ਕੀਤੀ ਹੈ। ਵੀਰ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ, ਮੇਰੀ ਸਰਕਾਰੀ ਨੌਕਰੀ ਹੈ, ਮੈਂ ਜਿੰਨੇ ਚਾਹਾਂ ਵਿਆਹ ਕਰ ਸਕਦਾ ਹਾਂ। ਇੰਨਾ ਹੀ ਨਹੀਂ ਅਨੁਪਮਾ ਨੇ ਦੋਸ਼ ਲਾਇਆ ਕਿ ਉਹ 2-2 ਦਿਨਾਂ ਲਈ ਵਿਨੀਤਾ ਨਾਂ ਦੀ ਲੜਕੀ ਨਾਲ ਘੁੰਮਣ ਵੀ ਜਾਂਦਾ ਹੈ। 

ਸੁਪਰਡੈਂਟ ਪੁਲਿਸ ਅੰਕਿਤ ਮਿੱਤਲ ਨੇ ਕਿਹਾ, ਔਰਤ ਦੀ ਸ਼ਿਕਾਇਤ ਦੇ ਅਧਾਰ 'ਤੇ ਜਾਂਚ ਕੀਤੀ ਗਈ ਅਤੇ ਮੁੱਢਲੀ ਜਾਂਚ ਵਿਚ ਇਨ੍ਹਾਂ ਦੋਸ਼ਾਂ ਨੂੰ ਸੱਚ ਪਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇੰਨਾ ਹੀ ਨਹੀਂ, ਵੀਰ ਸਿੰਘ ਜਿਸ ਸ਼ਖ਼ਸ ਦੀ ਵਰਦੀ ਪਾ ਕੇ ਘੁੰਮਦਾ ਹੈ, ਉਸ ਵਿਅਕਤੀ ਵਿਰੁੱਧ ਸਬੰਧਤ ਜ਼ਿਲ੍ਹੇ ਵਿਚ ਕਾਰਵਾਈ ਦੀ ਮੰਗ ਕੀਤੀ ਗਈ ਹੈ।