‘ਤੰਦਰੁਸਤ’ ਨਹੀਂ ਹਨ ਪੰਜਾਬ ਤੇ ਦਿੱਲੀ ਦੇ 10 ਵਿਚੋਂ 9 ਬੱਚਿਆਂ ਦੇ ਦਿਲ - ਰਿਪੋਰਟ 

ਏਜੰਸੀ

ਖ਼ਬਰਾਂ, ਰਾਸ਼ਟਰੀ

5 ਤੋਂ 18 ਸਾਲਾਂ ਦੇ 3,200 ਬੱਚਿਆਂ 'ਤੇ ਕੀਤੀ ਗਈ ਖੋਜ ਵਿਚ ਹੋਇਆ ਖ਼ੁਲਾਸਾ

Hearts of 9 out of 10 children in Punjab and Delhi are not 'healthy' - report

ਨਵੀਂ ਦਿੱਲੀ : ਜਿਵੇਂ ਜਿਵੇਂ ਖਾਣ-ਪੀਣ ਬਦਲ ਰਿਹਾ ਹੈ ਉਸ ਦਾ ਅਸਰ ਸਿੱਧਾ-ਸਿੱਧਾ ਜੀਵਨਸ਼ੈਲੀ 'ਤੇ ਪੈਂਦਾ ਹੈ ਇਸ ਦਾ ਸਬੂਤ ਤਾਜ਼ਾ ਕੀਤੇ ਗਏ ਅਧਿਐਨ ਤੋਂ ਲਗਾਇਆ ਜਾ ਸਕਦਾ ਹੈ। ਬੱਚਿਆਂ 'ਤੇ ਕੀਤੀ ਗਈ ਇੱਕ ਖੋਜ ਵਿਚ ਖ਼ੁਲਾਸਾ ਹੋਇਆ ਹੈ ਕਿ ਪੰਜਾਬ ਅਤੇ ਦਿੱਲੀ ਦੇ ਦਸ ਵਿਚੋਂ 9 ਬਚੇ ਅਜਿਹੇ ਹਨ ਜਿਨ੍ਹਾਂ ਦੇ ਦਿਲ ਤੰਦਰੁਸਤ ਨਹੀਂ ਹਨ।

ਦੱਸ ਦੇਈਏ ਕਿ ਬੱਚਿਆਂ ਦੀ ਜੀਵਨਸ਼ੈਲੀ 'ਤੇ ਕੀਤਾ ਗਿਆ ਇਹ ਆਪਣੀ ਕਿਸਮ ਦਾ ਇੱਕ ਪਹਿਲੇ ਅਧਿਐਨ ਹੈ ਜਿਸ ਵਿਚ ਬੱਚਿਆਂ ਦੇ ਦਿਲ ਨੂੰ ਸਿਹਤਮੰਦ ਰੱਖਣ ਵਾਲੀ ਜੀਵਨ ਸ਼ੈਲੀ ਦੀ ਘਾਟ ਦੇਖਣ ਨੂੰ ਮਿਲੀ ਹੈ। ਦਿਲ ਦੇ ਰੋਗਾਂ ਦੇ ਮਾਹਿਰ ਰਜਨੀਸ਼ ਕਪੂਰ ਵੱਲੋਂ ਇਸ ਅਧਿਐਨ ਤਹਿਤ 5 ਤੋਂ 18 ਸਾਲਾਂ ਦੇ 3,200 ਬੱਚਿਆਂ ਦਾ ਨਿਰੀਖਣ ਕੀਤਾ ਗਿਆ ਸੀ।

ਜਿਸ ਵਿਚ ਉਨ੍ਹਾਂ ਦੱਸਿਆ ਕਿ ਹਰ ਬੱਚੇ ਤੋਂ ਪੁੱਛੇ ਗਏ ਸਵਾਲਾਂ ਦੇ ਜੁਆਬਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਇੱਕ ਸਕੋਰ ਦਿੱਤਾ ਗਿਆ। ਅਧਿਐਨ ਦੌਰਾਨ ਉਨ੍ਹਾਂ ਤੋਂ ਸਰੀਰਕ ਭਾਰ, ਸਰੀਰਕ ਗਤੀਵਿਧੀ, ਸੌਣ ਦੇ ਸਮੇਂ, ਨੀਂਦ ਦੇ ਘੰਟਿਆਂ, ਖਾਣ-ਪੀਣ ਦੀਆਂ ਆਦਤਾਂ ਤੇ ਨਸ਼ਿਆਂ ਦੇ ਸੇਵਨ ਆਦਿ ਬਾਰੇ ਇੱਕ ਪ੍ਰਸ਼ਨਾਵਲੀ ਦੇ ਜੁਆਬ ਦੇਣ ਲਈ ਕਿਹਾ ਗਿਆ ਸੀ।

ਇਸ ਪ੍ਰਸ਼ਨਾਵਲੀ ’ਚੋਂ ਵੱਧ ਤੋਂ ਵੱਧ ਪ੍ਰਾਪਤ ਕੀਤੇ ਜਾ ਸਕਣ ਵਾਲੇ ਅੰਕ 100 ਨਿਰਧਾਰਤ ਕੀਤੇ ਗਏ ਸਨ। ਦੱਸ ਦੇਈਏ ਕਿ 70 ਤੋਂ 100 ਸਕੋਰ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਿਹਤਮੰਦ ਮੰਨਿਆ ਗਿਆ ਜਦਕਿ 40 ਤੋਂ ਘੱਟ ਅੰਕ ਹਾਸਲ ਕਰਨ ਵਾਲੇ ਵਰਗ ਨੂੰ ਚਿੰਤਾਜਨਕ ਮੰਨਿਆ ਗਿਆ, ਜਿਨ੍ਹਾਂ ਨੂੰ ਆਪਣੀ ਜੀਵਨ ਸ਼ੈਲੀ ’ਚ ਜਲਦ ਤੋਂ ਜਲਦ ਬਦਲਾਅ ਲਿਆਉਣ ਦਾ ਸੁਝਾਅ ਦਿੱਤਾ ਗਿਆ।