ਧਾਰਾ 370 ਹਟਾਏ ਜਾਣ ਮਗਰੋਂ ਜੰਮੂ ’ਚ ਵਧੀਆਂ ਅਤਿਵਾਦੀ ਗਤੀਵਿਧੀਆਂ
ਅਤਿਵਾਦੀਆਂ ਦੀ ਭਰਤੀ ਦੀਆਂ ਘਟਨਾਵਾਂ ’ਚ ਵੀ ਵਾਧਾ ਹੋਇਆ
ਜੰਮੂ: ਅਗੱਸਤ 2019 ’ਚ ਜੰਮੂ-ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ ਖੇਤਰ ’ਚ ਅਤਿਵਾਦੀ ਗਤੀਵਿਧੀਆਂ ਵਿਚ ਵਾਧਾ ਹੋਇਆ ਹੈ। ਪਿਛਲੇ ਚਾਰ ਸਾਲਾਂ ’ਚ ਅਤਿਵਾਦੀਆਂ ਦੀ ਭਰਤੀ ਦੀਆਂ ਘਟਨਾਵਾਂ ’ਚ ਵੀ ਵਾਧਾ ਹੋਇਆ ਹੈ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ।
ਅੰਕੜਿਆਂ ਮੁਤਾਬਕ 5 ਅਗੱਸਤ, 2019 ਤੋਂ 16 ਜੂਨ, 2023 ਦਰਮਿਆਨ ਜੰਮੂ ਖੇਤਰ ’ਚ ਅਤਿਵਾਦ ਵਿਰੋਧੀ ਮੁਹਿੰਮਾਂ ’ਚ 231 ਅਤਿਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ 27 ਅਕਤੂਬਰ 2015 ਤੋਂ 4 ਅਗੱਸਤ 2019 ਦਰਮਿਆਨ ਹੋਈਆਂ ਗ੍ਰਿਫਤਾਰੀਆਂ ਨਾਲੋਂ 71 ਫੀ ਸਦੀ ਜ਼ਿਆਦਾ ਹੈ।
5 ਅਗੱਸਤ, 2019 ਨੂੰ, ਕੇਂਦਰ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਰੱਦ ਕਰ ਦਿਤਾ ਸੀ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ - ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ’ਚ ਵੰਡ ਦਿਤਾ ਸੀ।
ਸਰਕਾਰੀ ਅੰਕੜਿਆਂ ਅਨੁਸਾਰ, ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਜੰਮੂ ਖੇਤਰ ’ਚ ਅੱਠ ਗ੍ਰਨੇਡ ਅਤੇ 13 ਆਈ.ਈ.ਡੀ. ਹਮਲੇ ਦਰਜ ਕੀਤੇ ਗਏ ਸਨ। 27 ਅਕਤੂਬਰ 2015 ਤੋਂ 4 ਅਗੱਸਤ 2019 ਤਕ, ਚਾਰ ਗ੍ਰਨੇਡ ਅਤੇ ਸੱਤ ਆਈ.ਈ.ਡੀ. ਹਮਲੇ ਦਰਜ ਕੀਤੇ ਗਏ ਸਨ।
ਆਈ.ਈ.ਡੀ. ਧਮਾਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ 2015-19 ’ਚ ਤਿੰਨ ਦੇ ਮੁਕਾਬਲੇ 73 ਫੀ ਸਦੀ ਵਧ ਕੇ 2019-2023 ’ਚ 11 ਹੋ ਗਈ।
ਧਾਰਾ 370 ਨੂੰ ਹਟਾਏ ਜਾਣ ਤੋਂ ਪਹਿਲਾਂ ਅਤੇ ਬਾਅਦ ਦੇ ਕਰੀਬ ਚਾਰ ਸਾਲਾਂ ਦੇ ਅੰਕੜਿਆਂ ਦੀ ਤੁਲਨਾ ਦਰਸਾਉਂਦੀ ਹੈ ਕਿ ਅਤਿਵਾਦੀਆਂ ਵਲੋਂ ਹਮਲਾ ਕਰ ਕੇ ਫਰਾਰ ਹੋਣ ਦੀਆਂ ਘਟਨਾਵਾਂ ’ਚ 43 ਫੀ ਸਦੀ ਵਾਧਾ ਹੋਇਆ ਹੈ ਅਤੇ ਅਜਿਹੇ ਮਾਮਲਾ ਚਾਰ ਤੋਂ ਵਧ ਕੇ ਸੱਤ ਫ਼ੀ ਸਦੀ ਹੋ ਗਏ ਹਨ। ਅੰਕੜਿਆਂ ਮੁਤਾਬਕ ਅਤਿਵਾਦੀ ਭਰਤੀ ਦੀਆਂ ਘਟਨਾਵਾਂ ’ਚ 39 ਫੀ ਸਦੀ ਵਾਧਾ ਹੋਇਆ ਹੈ ਅਤੇ ਇਹ ਮਾਮਲੇ ਅੱਠ ਤੋਂ ਵਧ ਕੇ 13 ਹੋ ਗਏ ਹਨ।
ਪਿਛਲੇ ਕਰੀਬ ਚਾਰ ਸਾਲਾਂ ’ਚ ਅਤਿਵਾਦੀ ਹਮਲਿਆਂ ’ਚ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਦੇ ਮਾਰੇ ਜਾਣ ਦੀ ਗਿਣਤੀ ’ਚ ਕਾਫੀ ਕਮੀ ਆਈ ਹੈ। 27 ਅਕਤੂਬਰ, 2015 ਤੋਂ 4 ਅਗੱਸਤ, 2019 ਤਕ, 11 ਨਾਗਰਿਕ ਮਾਰੇ ਗਏ ਸਨ, ਜਦੋਂ ਕਿ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ, 7 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ’ਚ 63 ਫ਼ੀ ਸਦੀ ਦੀ ਕਮੀ ਆਈ ਹੈ।
ਅੰਕੜਿਆਂ ਮੁਤਾਬਕ ਅਤਿਵਾਦੀ ਹਮਲਿਆਂ ’ਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੌਤ ’ਚ ਵੀ 13 ਫੀ ਸਦੀ ਦੀ ਕਮੀ ਦਰਜ ਕੀਤੀ ਗਈ ਹੈ। ਅੰਕੜੇ ਦਰਸਾਉਂਦੇ ਹਨ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਵੱਖ-ਵੱਖ ਹਮਲਿਆਂ ’ਚ 29 ਸੁਰੱਖਿਆ ਕਰਮਚਾਰੀ ਮਾਰੇ ਗਏ ਅਤੇ 32 ਹੋਰ ਜ਼ਖਮੀ ਹੋਏ, ਜਦੋਂ ਕਿ 27 ਅਕਤੂਬਰ, 2015 ਤੋਂ 4 ਅਗੱਸਤ, 2019 ਦਰਮਿਆਨ 33 ਸੁਰੱਖਿਆ ਕਰਮਚਾਰੀ ਮਾਰੇ ਗਏ ਅਤੇ 42 ਹੋਰ ਜ਼ਖਮੀ ਹੋਏ ਸਨ।
ਧਾਰਾ 370 ਹਟਾਏ ਜਾਣ ਤੋਂ ਬਾਅਦ ਹਥਿਆਰ ਖੋਹਣ ਦੀ 1, ਪੱਥਰਬਾਜ਼ੀ ਦੀਆਂ 19 ਘਟਨਾਵਾਂ ਅਤੇ ਹੜਤਾਲ ਅਤੇ ਬੰਦ ਦੇ ਸੱਦੇ ਦੀਆਂ 16 ਘਟਨਾਵਾਂ ਹੋਈਆਂ। ਧਾਰਾ 370 ਹਟਾਏ ਜਾਣ ਤੋਂ ਪਹਿਲਾਂ ਕਰੀਬ ਚਾਰ ਸਾਲ ਦੀ ਮਿਆਦ ਦੀ ਤੁਲਨਾ ਵਿਚ ਕ੍ਰਮਵਾਰ 80 ਫੀ ਸਦੀ, 62 ਫੀ ਸਦੀ ਅਤੇ 42 ਫੀ ਸਦੀ ਦੀ ਕਮੀ ਆਈ ਹੈ।
ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਅਤਿਵਾਦ ਨਾਲ ਸਬੰਧਤ ਘਟਨਾਵਾਂ ਜ਼ਿਆਦਾਤਰ ਰਾਜੌਰੀ ਅਤੇ ਪੁੰਛ ਦੇ ਸਰਹੱਦੀ ਜ਼ਿਲ੍ਹਿਆਂ ਤਕ ਸੀਮਤ ਹਨ, ਜਿੱਥੇ 5 ਅਗੱਸਤ, 2019 ਤੋਂ ਪਿਛਲੇ ਚਾਰ ਸਾਲਾਂ ’ਚ ਵੱਖ-ਵੱਖ ਮੁਕਾਬਲਿਆਂ ’ਚ 65 ਤੋਂ ਵੱਧ ਅਤਿਵਾਦੀਆਂ ਨੂੰ ਮਾਰ ਦਿਤਾ ਗਿਆ ਹੈ।
ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਐਤਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੰਮੂ ਖੇਤਰ ’ਚ 360 ਡਿਗਰੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਸੁਰੱਖਿਆ ਗਰਿੱਡ ਵਲੋਂ ਅਤਿਵਾਦੀਆਂ ਦੀ ਹਮਾਇਤ ਪ੍ਰਣਾਲੀ ਨੂੰ ਖਤਮ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ, ‘‘ਜੰਮੂ-ਕਸ਼ਮੀਰ ’ਚ ਸਮੁੱਚੀ ਸੁਰੱਖਿਆ ਸਥਿਤੀ ’ਚ ਪਹਿਲਾਂ ਹੀ ਸੁਧਾਰ ਹੋਇਆ ਹੈ... ਜੰਮੂ-ਕਸ਼ਮੀਰ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਇਸ ਖੇਤਰ (ਜੰਮੂ) ’ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿਤਾ ਹੈ ਅਤੇ ਅਤਿਵਾਦੀਆਂ ਵਿਰੁੱਧ ਸਫਲਤਾ ਹਾਸਲ ਕੀਤੀ ਹੈ।’’
ਸਿਨਹਾ ਨੇ ਕਿਹਾ ਸੀ, ‘‘ਅਸੀਂ ਅਤਿਵਾਦ ਵਿਰੁਧ ਜ਼ੀਰੋ ਟੋਲਰੈਂਸ ਦੀ ਨੀਤੀ ’ਤੇ ਚੱਲ ਰਹੇ ਹਾਂ ਅਤੇ ਸਾਡਾ ਪ੍ਰਸ਼ਾਸਨ ਅਤਿਵਾਦੀ ਵਾਤਾਵਰਣ ’ਚ ਸ਼ਾਮਲ ਲੋਕਾਂ ਜਾਂ ਅਤਿਵਾਦੀ, ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਦ੍ਰਿੜ ਹੈ।’’