ਇਸਰੋ ਦੇ ਭਰਤੀ ਇਮਤਿਹਾਨ ’ਚ ਧੋਖਾਧੜੀ ਦੇ ਦੋਸ਼ ਹੇਠ ਹਰਿਆਣਾ ਦੇ ਦੋ ਵਿਅਕਤੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਲੂਟੁੱਥ ਡਿਵਾਇਸ ਨਾਲ ਸੁਣ ਕੇ ਲਿਖ ਰਹੇ ਸਨ ਜਵਾਬ, ਇਮਤਿਹਾਨ ਹੋਇਆ ਰੱਦ

ISRO

ਤਿਰੂਵਨੰਤਪੁਰਮ: ਵਿਕਰਮ ਸਾਰਾਭਾਈ ਪੁਲਾੜ ਕੇਂਦਰ (ਵੀ.ਐਸ.ਐਸ.ਸੀ.) ’ਚ ਤਕਨੀਕੀ ਮੁਲਾਜ਼ਮ ਭਰਤੀ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਲੋਂ ਲਏ ਇਕ ਇਮਤਿਹਾਨ ’ਚ ਧੋਖਾਧੜੀ ਦੇ ਦੋਸ਼ ਹੇਠ ਹਰਿਆਣਾ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਦੋਹਾਂ ਨੂੰ ਦੋ ਵੱਖੋ-ਵੱਖ ਇਮਤਿਹਾਨ ਕੇਂਦਰਾਂ ’ਤੇ ਸਵਾਲ ਦਾ ਜਵਾਬ ਦੇਣ ਲਈ ਨਾਜਾਇਜ਼ ਤਰੀਕਿਆਂ ਦਾ ਪ੍ਰਯੋਗ ਕਰਦਿਆਂ ਫੜਿਆ ਗਿਆ। ਇਮਤਿਹਾਨ ਨੂੰ ਰੱਦ ਕਰ ਦਿਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਦੋਹਾਂ ਨੂੰ ਐਤਵਾਰ ਰਾਤ ਨੂੰ ਗ਼ੈਰਰਸਮੀ ਰੂਪ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਹਰਿਆਣਾ ਦੇ ਚਾਰ ਹੋਰ ਲੋਕਾਂ ਨੂੰ ਵੀ ਘਟਨਾ ਬਾਬਤ ਹਿਰਾਸਤ ’ਚ ਲਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਮਤਿਹਾਨ ’ਚ ਹਿੱਸਾ ਲਿਆ ਸੀ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। 

ਉਨ੍ਹਾਂ ਕਿਹਾ, ‘‘ਇਸ ਸਮੇਂ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।’’

ਪੁਲਿਸ ਨੇ ਕਿਹਾ ਕਿ ਆਈ.ਪੀ.ਸੀ. ਦੀ ਧਾਰਾ 406, 420 ਅਤੇ ਹੋਰ ਵੱਖੋ-ਵੱਖ ਧਾਰਾਵਾਂ ਹੇਠ ਸੂਚਨਾ ਤਕਨਾਲੋਜੀ ਐਕਟ ਹੇਠ ਉਸ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। 

ਅਧਿਕਾਰੀ ਨੇ ਕਿਹਾ, ‘‘ਦੋਹਾਂ ਗ੍ਰਿਫ਼ਤਾਰ ਵਿਅਕਤੀਆਂ ਵਿਰੁਧ ਅਸਲੀ ਉਮੀਦਵਾਰ ਬਣ ਕੇ ਇਮਤਿਹਾਨ ਦੇਣ ਦੇ ਦੋਸ਼ ’ਚ ਵੀ ਮਾਮਲਾ ਦਰਜ ਕੀਤਾ ਜਾਵੇਗਾ।’’
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਵੀ.ਐਸ.ਐਸ.ਸੀ. ਨੂੰ ਸੂਚਿਤ ਕਰ ਦਿਤਾ ਹੈ ਕਿ ਘਟਨਾ ਬਾਬਤ ਮਾਮਲਾ ਦਰਜ ਕਰ ਲਿਆ ਗਿਆ ਹੈ। 

ਅਧਿਕਾਰੀ ਨੇ ਕਿਹਾ ਕਿ ਗ੍ਰਿਫ਼ਤਾਰ ਦੋਹਾਂ ਵਿਅਕਤੀਆਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕੋਚਿੰਗ ਸੈਂਟਰ ਸਮੇਤ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਬਾਰੇ ਜਾਂਚ ਕੀਤੀ ਜਾ ਰਹੀ ਹੈ। 

ਪੁਲਿਸ ਨੇ ਕਿਹਾ ਕਿ ਗ੍ਰਿਫ਼ਤਾਰ ਉਮੀਦਵਾਰਾਂ ਨੇ ਸਵਾਲਾਂ ਦੀਆਂ ਤਸਵੀਰਾਂ ਖਿੱਚਣ ਲਈ ਮੋਬਾਈਲ ਫ਼ੋਨ ਦੇ ਕੈਮਰੇ ਦਾ ਪ੍ਰਯੋਗ ਕੀਤਾ ਸੀ ਅਤੇ ਇਸ ਨੂੰ ਬਾਹਰ ਕਿਸੇ ਨੂੰ ਭੇਜਿਆ ਸੀ ਜੋ ਉਨ੍ਹਾਂ ਦੇ ਫ਼ੋਨ ’ਚ ਲੱਗੇ ਬਲੂਟੁੱਥ ਡਿਵਾਇਸ ਜ਼ਰੀਏ ਇਸ ਦਾ ਜਵਾਬ ਦੇ ਰਿਹਾ ਸੀ। 

ਪੁਲਿਸ ਨੇ ਕਿਹਾ ਕਿ ਦੋਹਾਂ ਨੂੰ ਹਰਿਆਣਾ ਤੋਂ ਇਕ ਗੁਮਨਾਮ ਫ਼ੋਨ ਜ਼ਰੀਏ ਮਿਲੀ ਸੂਚਨਾ ਦੇ ਆਧਾਰ ’ਤੇ ਫੜਿਆ ਗਿਆ। ਪੁਲਿਸ ਨੇ ਕਿਹਾ ਕਿ ਦੇਸ਼ ਪੱਧਰੀ ਭਰਤੀ ਇਮਤਿਹਾਨ ਸਮੁੱਚੇ ਕੇਰਲ ’ਚ ਸੂਬੇ ਦੇ ਸਿਰਫ਼ 10 ਇਮਤਿਹਾਨ ਕੇਂਦਰ ’ਤੇ ਕਰਵਾਇਆ ਗਿਆ ਸੀ।