ਸਕੂਲ 'ਚ ਵੜਿਆ ਮਗਰਮੱਛ, ਪੈ ਗਿਆ ਰੌਲਾ! ਸਹਿਮੇ ਬੱਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਜੰਗਲਾਤ ਵਿਭਾਗ ਦੇ ਅਧਿਕਾਰੀ

photo

 

ਅਲੀਗੜ੍ਹ: ਅਲੀਗੜ੍ਹ ਜ਼ਿਲ੍ਹੇ ਦੇ ਅਤਰੌਲੀ ਖੇਤਰ ਦੇ ਕਾਸਿਮਪੁਰ ਪਿੰਡ ਵਿੱਚ ਬੁੱਧਵਾਰ ਨੂੰ ਇੱਕ ਮਗਰਮੱਛ ਨੇ ਇੱਕ ਸਕੂਲ ਵਿੱਚ ਦਾਖਲ ਹੋ ਕੇ ਹਲਚਲ ਮਚਾ ਦਿੱਤੀ। ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਕਲਾਸ ਰੂਮ ਵਿੱਚ ਬੰਦ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਸਕੂਲ ਦੇ ਸਟਾਫ਼ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਕਾਸਿਮਪੁਰ ਵਿੱਚ ਇੱਕ ਮਗਰਮੱਛ ਉਨ੍ਹਾਂ ਦੇ ਸਕੂਲ ਵਿੱਚ ਦਾਖ਼ਲ ਹੋ ਗਿਆ। ਉਸ ਨੂੰ ਦੇਖ ਕੇ ਬੱਚੇ ਅਤੇ ਸਕੂਲ ਸਟਾਫ਼ ਡਰ ਗਏ। ਉਨ੍ਹਾਂ ਦਾ ਰੌਲਾ ਸੁਣ ਕੇ ਆਸ-ਪਾਸ ਮੌਜੂਦ ਪਿੰਡ ਵਾਸੀ ਡੰਡੇ ਲੈ ਕੇ ਆਏ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਮਗਰਮੱਛ ਨੂੰ ਕਮਰੇ ਅੰਦਰ ਬੰਦ ਕਰ ਦਿੱਤਾ। ਪਿੰਡ ਵਾਸੀਆਂ ਦੀ ਸੂਚਨਾ 'ਤੇ ਮੌਕੇ 'ਤੇ ਪਹੁੰਚੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮਗਰਮੱਛ ਨੂੰ ਫੜ ਲਿਆ।

ਸਟਾਫ਼ ਦੇ ਮੁਲਾਜ਼ਮਾਂ ਅਨੁਸਾਰ ਅਤਰੌਲੀ ਇਲਾਕੇ ਦੇ ਪਿੰਡ ਕਾਸਿਮਪੁਰ ਨੇੜੇ ਕਈ ਛੱਪੜ ਹਨ ਜਿਨ੍ਹਾਂ ਵਿੱਚ ਮਗਰਮੱਛ ਅਕਸਰ ਨਜ਼ਰ ਆਉਂਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਾਸੇ ਕਈ ਵਾਰ ਸਥਾਨਕ ਪ੍ਰਸ਼ਾਸਨ ਦਾ ਧਿਆਨ ਵੀ ਦਿਵਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ।
ਉਹਨਾਂ ਦੱਸਿਆ ਕਿ ਨੇੜੇ ਹੀ ਗੰਗਾ ਨਦੀ ਵੀ ਵਗਦੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਇਹ ਮਗਰਮੱਛ ਪਿੰਡ ਦੇ ਹੀ ਕਿਸੇ ਛੱਪੜ ਵਿੱਚ ਵੜ ਗਿਆ ਹੋਵੇਗਾ, ਜਿੱਥੋਂ ਇਹ ਅੱਜ ਸਕੂਲ ਵਿੱਚ ਦਾਖ਼ਲ ਹੋਇਆ ਹੈ।