Delhi News: ਦਿੱਲੀ ਨੂੰ ਮਿਲਿਆ ਨਵਾਂ ਮੁੱਖ ਮੰਤਰੀ, ਆਤਿਸ਼ੀ ਨੇ ਦਿੱਲੀ ਦੇ 17ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
Delhi News: ਆਤਿਸ਼ੀ ਦੇਸ਼ ਦੀ 17ਵੀਂ ਮਹਿਲਾ ਮੁੱਖ ਮੰਤਰੀ ਹੋਵੇਗੀ
Atishi took oath as CM of Delhi: ਆਤਿਸ਼ੀ ਨੇ ਸ਼ਨੀਵਾਰ ਨੂੰ ਦਿੱਲੀ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਰਾਜ ਨਿਵਾਸ ਵਿਖੇ ਐਲਜੀ ਵਿਨੈ ਸਕਸੈਨਾ ਨੇ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਦੇ ਨਾਲ ਹੀ ਆਤਿਸ਼ੀ ਦਿੱਲੀ ਦੀ ਸਭ ਤੋਂ ਛੋਟੀ ਅਤੇ ਤੀਜੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ। ਉਨ੍ਹਾਂ ਤੋਂ ਪਹਿਲਾਂ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਰਹਿ ਚੁੱਕੇ ਹਨ।
ਆਤਿਸ਼ੀ ਤੋਂ ਬਾਅਦ ਸੌਰਭ ਭਾਰਦਵਾਜ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਨੇ ਮੰਤਰੀ ਵਜੋਂ ਸਹੁੰ ਚੁੱਕੀ। ਮੰਤਰੀ ਮੰਡਲ ਵਿੱਚ ਮੁਕੇਸ਼ ਅਹਲਾਵਤ ਹੀ ਨਵਾਂ ਚਿਹਰਾ ਹੈ।
43 ਸਾਲਾ ਆਤਿਸ਼ੀ ਕਾਲਕਾਜੀ ਸੀਟ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੀ ਹੈ। ਆਤਿਸ਼ੀ ਨੇ ਦਿੱਲੀ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਦਾ ਕੇਜਰੀਵਾਲ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਆਤਿਸ਼ੀ ਦੀ ਉਮਰ 43 ਸਾਲ ਹੈ, ਜਦੋਂ ਕਿ ਕੇਜਰੀਵਾਲ 45 ਸਾਲ ਦੇ ਸਨ ਜਦੋਂ ਉਹ 2013 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ। 'ਆਪ' ਵਿਧਾਇਕਾਂ ਨੇ 17 ਸਤੰਬਰ ਨੂੰ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਵਜੋਂ ਆਤਿਸ਼ੀ ਦੇ ਨਾਂ ਨੂੰ ਅੰਤਿਮ ਰੂਪ ਦਿੱਤਾ ਸੀ।
ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ।