ਧਾਰਾਵੀ ’ਚ ਮਸਜਿਦ ਦੇ ‘ਗੈਰ-ਕਾਨੂੰਨੀ’ ਹਿੱਸੇ ਨੂੰ ਢਾਹੁਣ ਦੀ ਬੀ.ਐਮ.ਸੀ. ਦੀ ਯੋਜਨਾ ਵਿਰੁਧ ਪ੍ਰਦਰਸ਼ਨ
ਆਦਿੱਤਿਆ ਠਾਕਰੇ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਤੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਿਰਕੂ ਵਿਵਾਦ ਪੈਦਾ ਕਰਨ ਦੀ ਆਖਰੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ
ਮੁੰਬਈ : ਮੁੰਬਈ ਦੇ ਧਾਰਾਵੀ ਝੁੱਗੀ-ਝੌਂਪੜੀ ਇਲਾਕੇ ’ਚ ਸਨਿਚਰਵਾਰ ਨੂੰ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਸੈਂਕੜੇ ਲੋਕ ਇਕ ਮਸਜਿਦ ਦੇ ਕਥਿਤ ਗੈਰ-ਕਾਨੂੰਨੀ ਹਿੱਸੇ ਨੂੰ ਢਾਹੁਣ ਦੀ ਬ੍ਰਹਿਨਮੁੰਬਈ ਨਗਰ ਨਿਗਮ ਦੀ ਯੋਜਨਾ ਦੇ ਵਿਰੋਧ ’ਚ ਸੜਕਾਂ ’ਤੇ ਉਤਰ ਆਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਕੁੱਝ ਵਸਨੀਕਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਉਸ ਗਲੀ ’ਚ ਦਾਖਲ ਹੋਣ ਤੋਂ ਰੋਕ ਦਿਤਾ ਜਿੱਥੇ ਮਸਜਿਦ ਸਥਿਤ ਹੈ ਅਤੇ ਜਲਦੀ ਹੀ ਸੈਂਕੜੇ ਲੋਕ ਧਾਰਾਵੀ ਥਾਣੇ ਦੇ ਬਾਹਰ ਇਕੱਠੇ ਹੋ ਗਏ ਅਤੇ ਸੜਕ ’ਤੇ ਬੈਠ ਗਏ। ਸਥਿਤੀ ਤਣਾਅਪੂਰਨ ਹੋਣ ’ਤੇ ਮਸਜਿਦ ਪ੍ਰਬੰਧਨ ਨਾਲ ਜੁੜੇ ਲੋਕਾਂ ਨੇ ਬ੍ਰਹਿਨਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਸ ਨੇ ਕਬਜ਼ੇ ਵਾਲੇ ਹਿੱਸੇ ਨੂੰ ਹਟਾਉਣ ਲਈ ਚਾਰ ਤੋਂ ਪੰਜ ਦਿਨਾਂ ਦਾ ਸਮਾਂ ਮੰਗਿਆ, ਜਿਸ ’ਤੇ ਅਧਿਕਾਰੀ ਸਹਿਮਤ ਹੋ ਗਏ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਲਾਕੇ ’ਚ ਵੱਡੀ ਗਿਣਤੀ ’ਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਪੁਲਿਸ ਅਧਿਕਾਰੀ ਨੇ ਕਿਹਾ, ‘‘ਧਾਰਾਵੀ ’ਚ 90 ਫੁੱਟ ਰੋਡ ’ਤੇ ਸਥਿਤ ਮਹਿਬੂਬ-ਏ-ਸੁਭਾਨੀ ਮਸਜਿਦ ਦੇ ਕਥਿਤ ਗੈਰ-ਕਾਨੂੰਨੀ ਹਿੱਸੇ ਨੂੰ ਢਾਹੁਣ ਲਈ ਜੀ-ਉੱਤਰੀ ਪ੍ਰਸ਼ਾਸਨਿਕ ਵਾਰਡ ਤੋਂ ਬੀ.ਐਮ.ਸੀ. ਅਧਿਕਾਰੀਆਂ ਦੀ ਇਕ ਟੀਮ ਸਵੇਰੇ ਕਰੀਬ 9 ਵਜੇ ਪਹੁੰਚੀ। ਵੱਡੀ ਗਿਣਤੀ ’ਚ ਸਥਾਨਕ ਵਸਨੀਕ ਜਲਦੀ ਹੀ ਉੱਥੇ ਇਕੱਠੇ ਹੋ ਗਏ। ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਉਸ ਗਲੀ ’ਚ ਦਾਖਲ ਹੋਣ ਤੋਂ ਰੋਕ ਦਿਤਾ ਜਿੱਥੇ ਮਸਜਿਦ ਸਥਿਤ ਹੈ।’’ ਉਨ੍ਹਾਂ ਕਿਹਾ, ‘‘ਇਸ ਤੋਂ ਬਾਅਦ ਸੈਂਕੜੇ ਲੋਕ ਧਾਰਾਵੀ ਥਾਣੇ ਦੇ ਬਾਹਰ ਇਕੱਠੇ ਹੋ ਗਏ ਅਤੇ ਨਾਗਰਿਕ ਕਦਮ ਦਾ ਵਿਰੋਧ ਕਰਨ ਲਈ ਸੜਕ ’ਤੇ ਬੈਠ ਗਏ।’’
ਇਕ ਨਾਗਰਿਕ ਅਧਿਕਾਰੀ ਨੇ ਕਿਹਾ ਕਿ ਬੀ.ਐਮ.ਸੀ. ਦੀ ਜੀ-ਉੱਤਰੀ ਵਾਰਡ ਨੇ ਮਸਜਿਦ ਦੇ ਕਬਜ਼ੇ ਵਾਲੇ ਹਿੱਸੇ ਨੂੰ ਹਟਾਉਣ ਲਈ ਨੋਟਿਸ ਜਾਰੀ ਕੀਤਾ ਅਤੇ ਕਿਹਾ ਕਿ ਨੋਟਿਸ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦਸਿਆ ਕਿ ਲੋਕ ਧਾਰਾਵੀ ਥਾਣੇ ਦੇ ਬਾਹਰ ਇਕੱਠੇ ਹੋਏ ਅਤੇ ਨੋਟਿਸ ਦੇ ਵਿਰੁਧ ਪ੍ਰਦਰਸ਼ਨ ਕੀਤਾ ਅਤੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਤੋਂ ਰੋਕਿਆ।
ਅਧਿਕਾਰੀ ਨੇ ਦਸਿਆ ਕਿ ਨਗਰ ਨਿਗਮ ਅਧਿਕਾਰੀਆਂ ਅਤੇ ਧਾਰਾਵੀ ਪੁਲਿਸ ਨਾਲ ਸਾਂਝੀ ਬੈਠਕ ’ਚ ਮਸਜਿਦ ਦੇ ਟਰੱਸਟੀਆਂ ਨੇ ਬੀਐਮਸੀ ਤੋਂ ਨਾਜਾਇਜ਼ ਹਿੱਸੇ ਨੂੰ ਹਟਾਉਣ ਲਈ ਚਾਰ-ਪੰਜ ਦਿਨਾਂ ਦਾ ਸਮਾਂ ਮੰਗਿਆ।
ਉਨ੍ਹਾਂ ਕਿਹਾ ਕਿ ਟਰੱਸਟੀਆਂ ਨੇ ਬੀ.ਐਮ..ਸੀ ਦੇ ਡਿਪਟੀ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਜੀ-ਉੱਤਰੀ ਡਿਵੀਜ਼ਨ ਨੂੰ ਲਿਖਤੀ ਬੇਨਤੀਆਂ ਸੌਂਪੀਆਂ ਹਨ, ਜਿਸ ’ਚ ਕਿਹਾ ਗਿਆ ਹੈ ਕਿ ਉਹ ਇਸ ਮਿਆਦ ਦੌਰਾਨ ਵਿਵਾਦਿਤ ਹਿੱਸੇ ਨੂੰ ਅਪਣੇ ਆਪ ਹਟਾ ਦੇਣਗੇ। ਅਧਿਕਾਰੀ ਨੇ ਕਿਹਾ ਕਿ ਨਾਗਰਿਕ ਸੰਸਥਾ ਨੇ ਬੇਨਤੀ ਨੂੰ ਮਨਜ਼ੂਰ ਕਰ ਲਿਆ ਹੈ। ਸੰਘਣੀ ਆਬਾਦੀ ਵਾਲੀ ਧਾਰਾਵੀ ਨੂੰ ਏਸ਼ੀਆ ਦੀ ਸੱਭ ਤੋਂ ਵੱਡੀ ਝੁੱਗੀ ਮੰਨਿਆ ਜਾਂਦਾ ਹੈ।
ਇਸ ਦੌਰਾਨ ਸ਼ਿਵ ਸੈਨਾ ਦੇ ਵਿਧਾਇਕ ਆਦਿੱਤਿਆ ਠਾਕਰੇ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਤੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਿਰਕੂ ਵਿਵਾਦ ਪੈਦਾ ਕਰਨ ਦੀ ਆਖਰੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਧਾਰਾਵੀ ’ਚ ਮਸਜਿਦ ਦਾ ਮੁੱਦਾ ਭਾਜਪਾ ਅਤੇ ਸ਼ਿੰਦੇ ਸਰਕਾਰ ਵਲੋਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਵਿਵਾਦ ਪੈਦਾ ਕਰਨ ਦੀ ਆਖਰੀ ਕੋਸ਼ਿਸ਼ ਹੈ। ਧਾਰਾਵੀ ਦੇ ਲੋਕ ਮੁੜ ਵਿਕਾਸ ਪ੍ਰਾਜੈਕਟ ਦੇ ਵਿਰੁਧ ਸਨ।’’
ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਕੌਮੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਦੇ ਸਹਿਯੋਗੀ ਫਿਰਕੂ ਅਤੇ ਜਾਤੀ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਇਕ ਪਾਸੇ ਉਹ ਕਹਿ ਰਹੇ ਹਨ ਕਿ ਬੰਗਲਾਦੇਸ਼ ਵਿਚ ਹਿੰਦੂਆਂ ’ਤੇ ਹਮਲੇ ਹੋ ਰਹੇ ਹਨ ਅਤੇ ਦੂਜੇ ਪਾਸੇ ਉਹ (ਬੰਗਲਾਦੇਸ਼ ਟੀਮ ਨਾਲ) ਕ੍ਰਿਕਟ ਖੇਡ ਰਹੇ ਹਨ।’’
ਤਿਰੂਪਤੀ ਮੰਦਰ ਦੇ ਲੱਡੂ ਮੁੱਦੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਠਾਕਰੇ ਨੇ ਮੰਗ ਕੀਤੀ ਕਿ ਪ੍ਰਸਾਦ ਦੇ ਲੱਡੂਆਂ ਦੀ ਜਾਂਚ ਗੁਜਰਾਤ ’ਚ ਨਹੀਂ ਸਗੋਂ ਕੌਮਾਂਤਰੀ ਪ੍ਰਯੋਗਸ਼ਾਲਾ ’ਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਉਨ੍ਹਾਂ ਕਿਹਾ, ‘‘ਜਗਨ ਰੈੱਡੀ ਅਤੇ ਚੰਦਰਬਾਬੂ ਨਾਇਡੂ ਜੋ ਇਸ ਮੁੱਦੇ ’ਤੇ ਇਕ ਦੂਜੇ ਦੀ ਆਲੋਚਨਾ ਕਰ ਰਹੇ ਹਨ, ਭਾਜਪਾ ਦੇ ਸਹਿਯੋਗੀ ਰਹੇ ਹਨ। ਭਾਜਪਾ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।’’