ਰਾਹੁਲ ਗਾਂਧੀ ਵਿਰੁੱਧ ਇਤਰਾਜ਼ਯੋਗ ਟਿਪਣੀਆਂ ਨੂੰ ਲੈ ਕੇ ਕਾਂਗਰਸ ਸ਼ੁਰੂ ਕਰੇਗੀ ਅੰਦੋਲਨ : ਖੜਗੇ
ਰਾਹੁਲ ਗਾਂਧੀ ਨੂੰ ਦਿਤੀਆਂ ਧਮਕੀਆਂ ਵਿਰੁਧ ਅੰਦੋਲਨ
ਜੰਮੂ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਰ.ਐਸ.ਐਸ.-ਭਾਜਪਾ ਦੀ ਜ਼ਹਿਰੀਲੀ ਮਾਨਸਿਕਤਾ ਤੋਂ ਨਹੀਂ ਡਰੇਗੀ ਅਤੇ ਰਾਹੁਲ ਗਾਂਧੀ ਨੂੰ ਦਿਤੀਆਂ ਧਮਕੀਆਂ ਵਿਰੁਧ ਅੰਦੋਲਨ ਕਰੇਗੀ। ਉਨ੍ਹਾਂ ਨੇ ਰਾਹੁਲ ਗਾਂਧੀ ਵਿਰੁਧ ਅਪਮਾਨਜਨਕ ਟਿਪਣੀਆਂ ਕਰਨ ਲਈ ਭਾਜਪਾ ਆਗੂਆਂ ਵਿਰੁਧ ਕਾਰਵਾਈ ਕਰਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸਫਲਤਾ ’ਤੇ ਵੀ ਸਵਾਲ ਚੁੱਕੇ। ਖੜਗੇ ਨੇ ਜੰਮੂ ’ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ, ‘‘ਵਿਧਾਇਕਾਂ ਅਤੇ ਸੰਸਦ ਮੈਂਬਰਾਂ ਸਮੇਤ ਭਾਜਪਾ ਅਤੇ ਆਰ.ਐਸ.ਐਸ. ਦੇ ਆਗੂ ਸਾਡੇ ਆਗੂਆਂ ਦੀ ਜ਼ੁਬਾਨ ਕੱਟਣ ਦੀ ਗੱਲ ਕਰਦੇ ਹਨ। ਸੱਚ ਬੋਲਣ ਲਈ (ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ) ਰਾਹੁਲ ਗਾਂਧੀ ’ਤੇ ਹਮਲਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਵਿਰੁਧ ਨਫ਼ਰਤ ਦਾ ਮਾਹੌਲ ਬਣਾਇਆ ਜਾਂਦਾ ਹੈ ਜਿਵੇਂ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਵਿਰੁਧ ਕੀਤਾ ਗਿਆ ਸੀ।’’
ਖੜਗੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਭਾਜਪਾ ਅਤੇ ਆਰ.ਐਸ.ਐਸ. ਦੇ ਅਜਿਹੇ ਭੜਕਾਊ ਭਾਸ਼ਣਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਪ੍ਰਧਾਨ ਮੰਤਰੀ ਇਨ੍ਹਾਂ ਨੇਤਾਵਾਂ ’ਤੇ ਲਗਾਮ ਲਗਾਉਣ ਅਤੇ ਉਨ੍ਹਾਂ ਵਿਰੁਧ ਕਾਰਵਾਈ ਕਰਨ ਵਿਚ ਅਸਫਲ ਰਹੇ ਹਨ ਕਿਉਂਕਿ ਉਹ ਉਨ੍ਹਾਂ ਤੋਂ ਡਰਦੇ ਹਨ।’’
ਵਿਧਾਨ ਸਭਾ ਚੋਣਾਂ ’ਚ ਕਾਂਗਰਸ ਉਮੀਦਵਾਰਾਂ ਲਈ ਪ੍ਰਚਾਰ ਕਰਨ ਜੰਮੂ ਆਏ ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ‘ਅਤਿਵਾਦੀ’ ਅਤੇ ‘ਰਾਸ਼ਟਰ ਵਿਰੋਧੀ’ ਕਿਹਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਅਜਿਹੇ ਬਿਆਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਕਾਰਵਾਈ ਨਾ ਕਰ ਕੇ ਲੋਕਾਂ ਨੂੰ ਭੜਕਾ ਰਹੇ ਹਨ।