11ਵੀਂ ਅਤੇ 12ਵੀਂ ਜਮਾਤ ਦੇ ਪਾਠਕ੍ਰਮ ਵਿਚ ਹੁਨਰ ਅਧਾਰਿਤ ਸਿੱਖਿਆ ਸ਼ੁਰੂ ਕਰਨ ਦੀ ਯੋਜਨਾ
ਪਹਿਲਾਂ ਦੀ ਸਿੱਖਿਆ ਪ੍ਰਣਾਲੀ ਸਰਟੀਫਿਕੇਟ ਅਤੇ ਡਿਗਰੀ ਉਤੇ ਕੇਂਦਰਤ ਸੀ: ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ
ਚੇਨਈ: ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਕੌਮੀ ਸਿੱਖਿਆ ਨੀਤੀ 2020 ਦੀਆਂ ਸਿਫਾਰਸ਼ਾਂ ਅਨੁਸਾਰ 11ਵੀਂ ਅਤੇ 12ਵੀਂ ਜਮਾਤ ਦੇ ਪਾਠਕ੍ਰਮ ’ਚ ਹੁਨਰ ਆਧਾਰਤ ਸਿੱਖਿਆ ਨੂੰ ਸ਼ਾਮਲ ਕਰਨ ਉੱਤੇ ਵਿਚਾਰ ਕਰ ਰਹੀ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਢੁੱਕਵੇਂ ਪੱਧਰ ਉੱਤੇ ਸਿੱਖਣ ਦੀ ਵਿਧੀ ਵਿਚ ਇਕ ਮਿਸਾਲੀ ਤਬਦੀਲੀ ਹੋਣੀ ਚਾਹੀਦੀ ਹੈ ਅਤੇ ਕੌਮੀ ਸਿੱਖਿਆ ਨੀਤੀ 2020 ਇਸ ਦੀ ਸਿਫਾਰਸ਼ ਕਰ ਰਹੀ ਹੈ।
ਉਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮਦਰਾਸ ਵਿਖੇ ਇਕ ਸਮਾਗਮ ਵਿਚ ਕਿਹਾ, ‘‘ਅਸੀਂ 11ਵੀਂ ਅਤੇ 12ਵੀਂ ਜਮਾਤ ਦੇ ਹੁਨਰ ਅਧਾਰਤ ਪਾਠਕ੍ਰਮ ਨੂੰ ਪੇਸ਼ ਕਰਨ ਬਾਰੇ ਕੰਮ ਕਰ ਰਹੇ ਹਾਂ।’’ ਪਾਠਕ੍ਰਮ ਵਿਚ ਹੁਨਰ ਅਧਾਰਤ ਸਿਖਲਾਈ ਨੂੰ ਸ਼ਾਮਲ ਕਰਨ ਦੀ ਧਾਰਨਾ ਬਾਰੇ ਵਿਸਥਾਰ ਵਿਚ ਦਸਦਿਆਂ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਦੀ ਸਿੱਖਿਆ ਪ੍ਰਣਾਲੀ ਸਰਟੀਫਿਕੇਟ ਅਤੇ ਡਿਗਰੀ ਉਤੇ ਕੇਂਦਰਤ ਸੀ।
ਆਈ.ਆਈ.ਟੀ. ਮਦਰਾਸ ਵਿਚ ਦਕਸ਼ਿਣਾਪਥ ਸਮਿਟ 2025 ਵਿਚ ਉਨ੍ਹਾਂ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੀ ਕਿਹਾ ਹੈ ਕਿ ਸਾਨੂੰ ਡਿਗਰੀ ਅਤੇ ਪ੍ਰਮਾਣੀਕਰਣ ਦੀ ਜ਼ਰੂਰਤ ਹੈ ਪਰ ਸਾਨੂੰ ਵਿਦਿਆਰਥੀਆਂ ਨੂੰ ਵੀ ਸਮਰੱਥ ਬਣਾਉਣ ਦੀ ਜ਼ਰੂਰਤ ਹੈ।’’ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ 6ਵੀਂ ਜਮਾਤ ਤੋਂ ਹੀ ਹੁਨਰ ਅਧਾਰਤ ਸਿਖਲਾਈ ਸ਼ੁਰੂ ਕਰਨ ਉਤੇ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਪਹਿਲਾਂ, ਹੁਨਰ ਅਧਾਰਤ ਸਿਖਲਾਈ ਵਿਕਲਪਿਕ ਸੀ। ਹੁਨਰ ਅਧਾਰਤ ਸਿੱਖਿਆ ਇਕ ਚੋਣਵੀਂ ਸੀ। ਪਰ ਹੁਣ ਤੋਂ ਹੁਨਰ ਇਕ ਵਿਸ਼ੇ ਵਜੋਂ ਸਿੱਖਿਆ ਦਾ ਰਸਮੀ ਹਿੱਸਾ ਹੋਵੇਗਾ।’’
11ਵੀਂ ਅਤੇ 12ਵੀਂ ਜਮਾਤ ਲਈ ਨਵਾਂ ਪਾਠਕ੍ਰਮ ਤਿਆਰ ਕਰਨ ਬਾਰੇ ਉਨ੍ਹਾਂ ਕਿਹਾ ਕਿ ਸਿੱਖਿਆ ਦਾ ਪਿਛਲਾ ਪੈਟਰਨ ਵਿਗਿਆਨ, ਕਾਮਰਸ ਅਤੇ ਹਿਊਮੈਨਿਟੀਜ਼ ਉਤੇ ਕੇਂਦਰਿਤ ਸੀ। ਉਨ੍ਹਾਂ ਕਿਹਾ, ‘‘ਹੁਣ, ਅਸੀਂ ਹੁਨਰ ਨੂੰ ਵੀ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਾਂ। ਉਦਾਹਰਨ ਲਈ, ਵਿਦਿਆਰਥੀ ਗਣਿਤ, ਭਾਸ਼ਾ, ਕੰਪਿਊਟਰ ਕੋਡਿੰਗ ਵਰਗੇ ਵਿਸ਼ਿਆਂ ਦਾ ਅਧਿਐਨ ਕਰ ਸਕਦੇ ਹਨ। ਡਰੋਨ ਟੈਕਨੋਲੋਜੀ ਜਾਂ ਬਨਾਉਟੀ ਬੁੱਧੀ (ਏ.ਆਈ.) ਪੜ੍ਹਾਈ। ਇਹ ਇਕ ਨਵਾਂ ਯੁੱਗ ਹੈ।’’ ਉਨ੍ਹਾਂ ਕਿਹਾ ਕਿ ਸਾਨੂੰ ਅਪਣੇ ਨੌਜਵਾਨਾਂ ਨੂੰ ਸਿਖਲਾਈ ਦੇਣੀ ਪਵੇਗੀ, ਅਪਣੇ ਨੌਜੁਆਨਾਂ ਨੂੰ ਨਵੇਂ ਪਾਠਕ੍ਰਮ ਢਾਂਚੇ ਨਾਲ ਇਕਸਾਰ ਕਰਨਾ ਹੋਵੇਗਾ।