G.S.T. ਦੀਆਂ ਨਵੀਆਂ ਦਰਾਂ ਭਲਕੇ 22 ਸਤੰਬਰ ਤੋਂ ਹੋਣਗੀਆਂ ਲਾਗੂ
ਪਨੀਰ, ਘਿਓ, ਸ਼ੈਂਪੂ, ਏ.ਸੀ. ਅਤੇ ਕਾਰਾਂ ਹੋਣਗੀਆਂ ਸਸਤੀਆਂ
new GST rates news : ਜ਼ਰੂਰੀ ਵਸਤਾਂ ’ਤੇ ਹੁਣ ਭਲਕੇ 22 ਸਤੰਬਰ ਤੋਂ ਸਿਰਫ਼ ਦੋ ਸਲੈਬਾਂ ’ਚ ਜੀਐਸਟੀ ਲੱਗੇਗਾ 5% ਜਾਂ 18%। ਸਰਕਾਰ ਨੇ ਟੈਕਸ ਪ੍ਰਣਾਲੀ ਨੂੰ ਆਸਾਨ ਬਣਾਉਣ ਲਈ ਅਜਿਹਾ ਕੀਤਾ ਹੈ। ਇਸ ਨਾਲ ਆਮ ਜ਼ਰੂਰਤ ਦੀਆਂ ਚੀਜ਼ਾਂ ਜਿਸ ਤਰ੍ਹਾਂ ਪਨੀਰ, ਘਿਓ, ਸਾਬਣ, ਸ਼ੈਂਪੂ ਦੇ ਨਾਲ-ਨਾਲ ਏਸੀ ਅਤੇ ਕਾਰਾਂ ਵੀ ਸਸਤੀਆਂ ਹੋ ਜਾਣਗੀਆਂ।
ਜੀ.ਐਸ.ਟੀ. ਕੌਂਸਲ ਦੀ 56ਵੀਂ ਮੀਟਿੰਗ ’ਚ ਇਸ ’ਤੇ ਫੈਸਲਾ ਲਿਆ ਗਿਆ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 3 ਸਤੰਬਰ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਸਰਕਾਰ ਨੇ 3 ਸਤੰਬਰ ਨੂੰ ਦੱਸਿਆ ਕਿ ਜੀ.ਐਸ.ਟੀ. 5 ਫ਼ੀ ਸਦੀ, 12 ਫ਼ੀ ਸਦੀ, 18 ਫ਼ੀ ਸਦੀ ਅਤੇ 28 ਫ਼ੀ ਸਦੀ ਦੇ ਸਲੈਬ ਨੂੰ ਘਟਾ ਕੇ ਦੋ ਕਰ ਦਿੱਤਾ ਗਿਆ ਹੈ। ਹੁਣ ਸਿਰਫ਼ 5 ਫ਼ੀ ਸਦੀ ਅਤੇ 18 ਫ਼ੀ ਸਦੀ ਦਾ ਸਲੈਬ ਹੋਵੇਗਾ।
ਇਸ ਤੋਂ ਇਲਾਵਾ ਤੰਬਾਕੂ, ਪਾਨ ਮਸਾਲਾ, ਕਾਰਬੋਨੇਟਿਡ ਡਰਿੰਕ ਅਤੇ ਲਗਜ਼ਰੀ ਸਾਮਾਨ ਜਿਸ ਤਰ੍ਹਾਂ ਵੱਡੀਆਂ ਕਾਰਾਂ, ਯਾਟ ਅਤੇ ਨਿੱਜੀ ਵਰਤੋਂ ਲਈ ਹਵਾਈ ਜਹਾਜ਼ਾਂ ਵਰਗੀਆਂ ਲਗਜ਼ਰੀ ਵਸਤੂਆਂ ’ਤੇ 40% ਦਾ ਵਿਸ਼ੇਸ਼ ਟੈਕਸ ਲਗਾਇਆ ਜਾਵੇਗਾ। ਨਵੀਆਂ ਦਰਾਂ ਕੱਲ੍ਹ, 22 ਸਤੰਬਰ ਤੋਂ ਤੰਬਾਕੂ ਨੂੰ ਛੱਡ ਕੇ ਸਾਰੀਆਂ ਵਸਤੂਆਂ ’ਤੇ ਲਾਗੂ ਹੋਣਗੀਆਂ।