ਹਰਿਆਣਾ ਰੋਡਵੇਜ਼ ਹੜਤਾਲ, ਬੇਸਿੱਟਾ ਰਹੀ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੇ ਚਾਰ ਦਿਨਾਂ ਤੋਂ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ........

Haryana Roadways Bus

ਚੰਡੀਗੜ੍ਹ  : ਬੀਤੇ ਚਾਰ ਦਿਨਾਂ ਤੋਂ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ। ਬੀਤੀ ਸ਼ਾਮ ਸਰਕਾਰ ਨੇ ਇਹਨਾਂ ਦੀ ਯੂਨੀਅਨ ਦੇ ਕੁਝ ਅਹੁਦੇਦਾਰ ਬੁਲਾ ਕੇ ਬੈਠਕ ਕਰਨ ਦੀ ਗੱਲ ਕਹੀ ਸੀ। ਅੱਜ ਇਹ ਬੈਠਕ ਸੈਕਟਰ 17 ਵਿਖੇ ਟਰਾਂਸਪੋਰਟ ਵਿਭਾਗ ਦੇ ਦਫ਼ਤਰ ਵਿਖੇ ਹੋਈ। ਇਸ ਬੈਠਕ ਵਿਚ ਕਿਸੇ ਵੀ ਤਰ੍ਹਾਂ ਨਾਲ ਯੂਨੀਅਨ ਤੇ ਸਰਕਾਰ ਵਿਚ ਸਮਝੌਤਾ ਨਾ ਹੋ ਸਕਿਆ।   ਮਿਲੀ ਜਾਣਕਾਰੀ ਮੁਤਾਬਿਕ ਹਰਿਆਣਾ ਰੋਡਵੇਜ਼ ਦੀ ਤਾਲਮੇਲ ਕਮੇਟੀ ਅਤੇ ਸਰਕਾਰ ਵਿਚ ਗੱਲਬਾਤ ਲਗਾਤਾਰ ਜਾਰੀ ਹੈ। ਪਰ ਤਿੰਨ ਦੌਰ ਦੀ ਗੱਲਬਾਤ ਵਿਚ ਕੋਈ ਨਤੀਜਾ ਨਹੀਂ ਨਿਕਲ ਸਕਿਆ। 

ਮੁਲਾਜ਼ਮ ਯੂਨੀਅਨ ਨੇਤਾ ਸਰਬਤ ਸਿੰਘ ਪੂਨੀਆ ਦਾ ਕਹਿਣਾ ਹੈ ਕਿ ਮੁੱਖ ਮੰਗ ਉੱਤੇ ਸਰਕਾਰ ਦੇ ਅਧਿਕਾਰੀ ਗੱਲ ਨੂੰ ਘੁਮਾ ਰਹੇ ਹਨ । ਕਰਮਚਾਰੀਆਂ ਨੇ ਮੁੱਖ ਮੰਤਰੀ ਦੇ ਪੱਧਰ ਉਤੇ ਹੀ ਗੱਲ ਬਣਨ ਦੀ ਗੱਲ ਕਹੀ ਹੈ। ਸਰਕਾਰ ਵਲੋਂ ਮੁੱਖ ਮੰਤਰੀ  ਦੇ ਪ੍ਰਧਾਨ ਸਕੱਤਰ ਆਰ ਕੇ ਖੁੱਲਰ ਜਿਥੇ ਬਸਾਂ ਚਲਾਉਣ ਨੂੰ ਲੈ ਕੇ ਦਬਾਅ ਬਣਾ ਰਹੇ ਹਨ, ਉਥੇ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ  ਤਾਲਮੇਲ ਕਮੇਟੀ ਮੁੱਖ ਮੰਗ ਕਿਲੋਮੀਟਰ ਆਧਾਰਤ ਬਸਾਂ ਦੇ ਟੈਂਡਰ ਰੱਦ ਕਰਨ ਅਤੇ ਟੈਂਡਰ ਦਿਤੇ ਜਾਣ ਦੀ ਜਾਂਚ ਦੀ ਮੰਗ ਕਰ ਰਹੀ ਹੈ।  

ਅੱਜ ਇਸ ਨੂੰ ਲੈ ਕੇ ਆਪਸੀ ਬਹਿਸਬਾਜ਼ੀ ਵੀ ਬੈਠਕ ਦੇ ਦੌਰਾਨ ਹੋਈ। ਯੂਨੀਅਨ  ਦੇ ਨੇਤਾ ਅਧਿਕਾਰੀਆਂ ਦੀ ਗੱਲ ਸੁਣ ਕੇ ਬਾਹਰ ਆ ਗਏ। ਥੋੜ੍ਹੀ ਦੇਰ ਬਾਅਦ ਫਿਰ ਸਰਕਾਰੀ  ਅਧਿਕਾਰੀ ਉਹਨਾਂ ਨੂੰ ਅੰਦਰ ਸੱਦ ਕੇ  ਲੈ ਗਏ ਪਰ ਉਸਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ। ਹਾਲਾਂਕਿ ਵਿਭਾਗ ਵਲੋਂ ਨਿਜੀ ਬਸਾਂ ਨੂੰ ਚਲਾਉਣ ਨੂੰ ਲੈ ਕੇ ਪੂਰੀ ਤਰ੍ਹਾਂ ਹਰੀ ਝੰਡੀ ਦੇ ਦਿਤੀ ਗਈ ਹੈ। ਇਨਾਂ ਬਸਾਂ ਦੀ ਦਰ ਅਤੇ ਕਿੰਨੀਆਂ ਬੱਸਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਇਹ ਪੂਰਾ ਖਾਕਾ ਤਿਆਰ ਕੀਤਾ ਜਾ ਚੁੱਕਿਆ ਹੈ ।  ਮਗਰ ਦੂਜੇ ਪਾਸੇ ਰੋਡਵੇਜ ਕਰਮਚਾਰੀਆਂ ਨੇ ਇਨ੍ਹਾਂ ਬਸਾਂ ਨੂੰ ਲੈ ਕੇ ਹੁਣ ਆਰ ਪਾਰ ਦੀ ਲੜਾਈ ਛੇੜ ਦਿੱਤੀ ਹੈ ।