ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ PM ਦੀ ਮੀਟਿੰਗ, ਦੁਨੀਆਂ ਭਰ ਤੋਂ ਤੇਲ ਕੰਪਨੀਆਂ ਦੇ CEO ਹੋਏ ਸ਼ਾਮਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੀਟਿੰਗ ਵਿਚ ਪ੍ਰਧਾਨ ਮੰਤਰੀ ਨੇ ਪਿਛਲੇ 7 ਸਾਲਾਂ ਵਿਚ ਤੇਲ ਅਤੇ ਗੈਸ ਖੇਤਰ ਵਿਚ ਸੁਧਾਰਾਂ ਬਾਰੇ ਚਰਚਾ ਕੀਤੀ।

PM Modi

 

ਨਵੀਂ ਦਿੱਲੀ: ਦੇਸ਼ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇਕ ਉੱਚ ਪੱਧਰੀ ਮੀਟਿੰਗ ਕੀਤੀ। ਵੀਡੀਓ ਕਾਨਫਰੰਸ ਜ਼ਰੀਏ ਹੋਈ ਇਸ ਮੀਟਿੰਗ ਵਿਚ ਦੁਨੀਆਂ ਭਰ ਤੋਂ ਤੇਲ ਕੰਪਨੀਆਂ ਦੇ ਸੀਈਓ ਅਤੇ ਮਾਹਰ ਸ਼ਾਮਲ ਹੋਏ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨੇ ਪਿਛਲੇ 7 ਸਾਲਾਂ ਵਿਚ ਤੇਲ ਅਤੇ ਗੈਸ ਖੇਤਰ ਵਿਚ ਸੁਧਾਰਾਂ ਬਾਰੇ ਚਰਚਾ ਕੀਤੀ।

ਇਸ ਵਿਚ ਲਾਇਸੈਂਸਿੰਗ ਨੀਤੀ, ਗੈਸ ਮਾਰਕੇਟਿੰਗ, ਕੋਲਾ ਬੈਡ ਮੀਥੇਨ ਬਾਰੇ ਨੀਤੀਆਂ, ਕੋਲਾ ਗੈਸੀਫਿਕੇਸ਼ਨ ਅਤੇ ਇੰਡੀਅਨ ਗੈਸ ਐਕਸਚੇਂਜ ਦੇ ਹਾਲੀਆ ਸੁਧਾਰਾਂ ਬਾਰੇ ਚਰਚਾ ਕੀਤੀ ਗਈ। ਦੱਸ ਦਈਏ ਕਿ ਇਹ ਮੀਟਿੰਗ 2016 ਵਿਚ ਸ਼ੁਰੂ ਕੀਤੀ ਗਈ ਸੀ, ਜੋ ਕਿ ਹਰ ਸਾਲ ਆਯੋਜਿਤ ਕੀਤੀ ਜਾਂਦੀ ਹੈ। ਤੇਲ ਖੇਤਰ 'ਤੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਮਾਲੀਏ ਦੇ ਨਾਲ ਉਤਪਾਦਨ ਵਧਾਉਣ 'ਤੇ ਜ਼ੋਰ ਦਿੱਤਾ।

ਉਹਨਾਂ ਨੇ ਕੱਚੇ ਤੇਲ ਲਈ ਭੰਡਾਰਨ ਸਹੂਲਤਾਂ ਵਧਾਉਣ ਦੀ ਜ਼ਰੂਰਤ ਬਾਰੇ ਵੀ ਗੱਲ ਕੀਤੀ। ਉਹਨਾਂ ਅੱਗੇ ਕਿਹਾ ਕਿ ਦੇਸ਼ ਨੂੰ ਕੁਦਰਤੀ ਗੈਸ ਦੀ ਸਖਤ ਜ਼ਰੂਰਤ ਹੈ। ਉਹਨਾਂ ਨੇ ਮੌਜੂਦਾ ਅਤੇ ਸੰਭਾਵਤ ਗੈਸ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਪਾਈਪਲਾਈਨਾਂ, ਸ਼ਹਿਰੀ ਗੈਸ ਦੀ ਵੰਡ ਅਤੇ ਐਲਐਨਜੀ ਰੀਜੈਸੀਫਿਕੇਸ਼ਨ ਟਰਮੀਨਲਾਂ 'ਤੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਤੇਲ ਅਤੇ ਗੈਸ ਖੇਤਰ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਰੇ ਦੇਸ਼ਾਂ ਲਈ ਇਸ ਮੀਟਿੰਗ ਦੇ ਸੁਝਾਅ ਮਹੱਤਵਪੂਰਨ ਹਨ। ਉਹਨਾਂ ਕਿਹਾ ਕਿ ਭਾਰਤ ਖੁੱਲੇਪਨ, ਆਸ਼ਾਵਾਦ ਅਤੇ ਮੌਕਿਆਂ, ਨਵੇਂ ਵਿਚਾਰਾਂ, ਦ੍ਰਿਸ਼ਟੀਕੋਣਾਂ ਅਤੇ ਨਵੀਨਤਾਵਾਂ ਨਾਲ ਭਰਪੂਰ ਦੇਸ਼ ਹੈ। ਉਹਨਾਂ ਨੇ ਸੀਈਓਜ਼ ਅਤੇ ਮਾਹਿਰਾਂ ਨੂੰ ਤੇਲ ਅਤੇ ਗੈਸ ਖੇਤਰ ਵਿਚ ਭਾਰਤ ਨਾਲ ਭਾਈਵਾਲੀ ਦਾ ਸੱਦਾ ਦਿੱਤਾ।