UP ਚੋਣਾਂ 'ਚ ਔਰਤਾਂ ਨੂੰ 40% ਟਿਕਟ ਦੇਵੇਗੀ ਕਾਂਗਰਸ, ਰਾਹੁਲ ਬੋਲੇ- 'ਇਹ ਫੈਸਲਾ ਸਿਰਫ਼ ਸ਼ੁਰੂਆਤ ਹੈ'

ਏਜੰਸੀ

ਖ਼ਬਰਾਂ, ਰਾਸ਼ਟਰੀ

ਯੂਪੀ ਚੋਣਾਂ ਲਈ ਕਾਂਗਰਸ ਨੇ ਇੱਕ ਨਵਾਂ ਨਾਅਰਾ ਵੀ ਦਿੱਤਾ ਹੈ - ਲੜਕੀ ਹਾਂ ਲੜ ਸਕਦੀ ਹਾਂ। 

Rahul Gandhi

 

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣ ਦਾ ਪਾਰਟੀ ਦਾ ਫੈਸਲਾ ਸਿਰਫ਼ ਸ਼ੁਰੂਆਤ ਹੈ। ਉਹਨਾਂ ਨੇ  ਟਵੀਟ ਕੀਤਾ, "ਦੇਸ਼ ਦੀ ਧੀ ਕਹਿੰਦੀ ਹੈ, ਅਪਣੀ ਮਿਹਨਤ ਨਾਲ, ਸਿੱਖਿਆ ਦੀ ਤਾਕਤ ਨਾਲ, ਸਹੀ ਰਾਖਵਾਂਕਰਨ ਨਾਲ, ਮੈਂ ਅੱਗੇ ਵਧ ਸਕਦੀ ਹਾਂ #ਲੜਕੀ ਹਾਂ ਲੜ ਸਕਦੀ ਹਾਂ।  ਯੂਪੀ ਸਿਰਫ਼ ਸ਼ੁਰੂਆਤ ਹੈ।

Rahul Gandhi Tweet

ਜ਼ਿਕਰਯੋਗ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣਗੇ। ਸੂਬੇ ਵਿਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿਚ ਹੋਣੀਆਂ ਹਨ। ਲਖਨਊ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਯੰਕਾ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਅਸੀਂ ਚਾਹੁੰਦੇ ਹਾਂ ਕਿ ਔਰਤਾਂ ਰਾਜਨੀਤੀ ਵਿਚ ਸ਼ਕਤੀ ਦੀ ਪੂਰਨ ਭਾਗੀਦਾਰ ਬਣਨ। ਉਨ੍ਹਾਂ ਕਿਹਾ ਕਿ ਜੇਕਰ ਔਰਤਾਂ ਸਮਾਜ ਵਿਚ ਬਦਲਾਅ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਰਾਜਨੀਤੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਇਕ ਦੂਜੇ ਦੇ ਮੋਢੇ ਨਾਲ ਮੋਡਾ ਜੋੜ ਕੇ ਅੱਗੇ ਵਧਣਾ ਚਾਹੀਦਾ ਹੈ। ਯੂਪੀ ਚੋਣਾਂ ਲਈ ਕਾਂਗਰਸ ਨੇ ਇੱਕ ਨਵਾਂ ਨਾਅਰਾ ਵੀ ਦਿੱਤਾ ਹੈ - ਲੜਕੀ ਹਾਂ ਲੜ ਸਕਦੀ ਹਾਂ। 

ਪ੍ਰਿਯੰਕਾ ਗਾਂਧੀ ਵਾਡਰਾ ਨੇ ਵੱਖ -ਵੱਖ ਖੇਤਰਾਂ ਵਿਚ ਕੰਮ ਕਰ ਰਹੀਆਂ ਔਰਤਾਂ ਨੂੰ ਰਾਜਨੀਤੀ ਵਿਚ ਆਉਣ ਅਤੇ ਚੋਣਾਂ ਲੜਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਉਹ ਅਗਲੇ ਮਹੀਨੇ ਦੀ 15 ਤਰੀਕ ਤੱਕ ਇਸ ਲਈ ਅਰਜ਼ੀ ਦੇ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਵਿਚ ਜੇਕਰ ਕੋਈ ਸੜਕ 'ਤੇ ਲੜ ਰਿਹਾ ਹੈ ਤਾਂ ਉਹ ਸਿਰਫ਼ ਕਾਂਗਰਸ ਹੈ। ਪਿਛਲੇ ਦੋ ਸਾਲਾਂ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਜੇਲ੍ਹ ਗਏ ਹਨ। ਕਾਂਗਰਸ ਲਗਾਤਾਰ ਸੰਘਰਸ਼ ਕਰ ਰਹੀ ਹੈ।