UP 'ਚ ਕਾਂਗਰਸ ਦੀ ਸਰਕਾਰ ਬਣੀ ਤਾਂ ਮਿਲਣਗੇ ਸਮਾਰਟਫੋਨ ਤੇ ਇਲੈਕਟ੍ਰਾਨਿਕ ਸਕੂਟੀ : ਪ੍ਰਿਯੰਕਾ
up ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ 40 ਪ੍ਰਤੀਸ਼ਤ ਸੀਟਾਂ ਉੱਤੇ ਮਹਿਲਾ ਉਮੀਦਵਾਰ ਉਤਾਰੇਗੀ ਕਾਂਗਰਸ
ਲਖਨਊ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਆਗਾਮੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਸੂਬੇ ਦੀਆਂ ਵਿਦਿਆਰਥਣਾਂ ਨੂੰ ਸਮਾਰਟਫੋਨ ਅਤੇ ਇਲੈਕਟ੍ਰਾਨਿਕ ਸਕੂਟੀਆਂ ਦਿੱਤੀਆਂ ਜਾਣਗੀਆਂ। ਪ੍ਰਿਯੰਕਾ ਨੇ ਵੀਰਵਾਰ ਨੂੰ ਟਵੀਟ ਕਰਦੇ ਹੋਏ ਕਿਹਾ, "ਕੱਲ੍ਹ ਮੈਂ ਕੁਝ ਵਿਦਿਆਰਥਣਾਂ ਨੂੰ ਮਿਲੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਪੜ੍ਹਨ ਅਤੇ ਸੁਰੱਖਿਆ ਦੇ ਲਈ ਸਮਾਰਟਫੋਨ ਦੀ ਜ਼ਰੂਰਤ ਹੈ।
ਮੈਨੂੰ ਖੁਸ਼ੀ ਹੈ ਕਿ ਅੱਜ ਘੋਸ਼ਣਾ ਕਮੇਟੀ ਦੀ ਸਹਿਮਤੀ ਨਾਲ ਉੱਤਰ ਪ੍ਰਦੇਸ਼ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਸਰਕਾਰ ਬਣਨ 'ਤੇ ਇੰਟਰ ਪਾਸ ਲੜਕੀਆਂ ਨੂੰ ਸਮਾਰਟਫੋਨ ਅਤੇ ਗ੍ਰੈਜੂਏਟ ਲੜਕੀਆਂ ਨੂੰ ਇਲੈਕਟ੍ਰਾਨਿਕ ਸਕੂਟੀ ਦੇਵੇਗੀ। ਦੱਸ ਦਈਏ ਕਿ ਪ੍ਰਿਯੰਕਾ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਵਿਚ 40 ਪ੍ਰਤੀਸ਼ਤ ਸੀਟਾਂ ਉੱਤੇ ਮਹਿਲਾ ਉਮੀਦਵਾਰ ਉਤਾਰੇਗੀ। ਉੱਤਰ ਪ੍ਰਦੇਸ਼ ਕਾਂਗਰਸ ਵੱਲੋਂ ਵਿਦਿਆਰਥਣਾਂ ਨੂੰ ਸਮਾਰਟਫੋਨ ਅਤੇ ਇਲੈਕਟ੍ਰਿਕ ਸਕੂਟੀ ਦੇਣ ਦੇ ਇਸ ਐਲਾਨ ਨੂੰ ਚੋਣਾਂ ਵਿਚ ਔਰਤਾਂ ਨੂੰ ਨਿਰਪੱਖ ਭਾਗੀਦਾਰੀ ਦੇਣ ਦੇ ਪਾਰਟੀ ਦੇ ਵਾਅਦੇ ਦੀ ਕੜੀ ਵਜੋਂ ਵੇਖਿਆ ਜਾ ਰਿਹਾ ਹੈ।