ਮਹਿੰਗਾਈ ਨੂੰ ਲੈ ਕੇ ਪ੍ਰਸ਼ਾਂਤ ਕਿਸ਼ੋਰ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਬੋਲਿਆ ਹੱਲਾ, ਮੰਗਿਆ 500 ਦਾ ਸਿਲੰਡਰ   

ਏਜੰਸੀ

ਖ਼ਬਰਾਂ, ਰਾਸ਼ਟਰੀ

'ਪੁਰਾਣੇ ਸਾਥੀ' ਪ੍ਰਸ਼ਾਂਤ ਕਿਸ਼ੋਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਆ ਨਿਸ਼ਾਨੇ 'ਤੇ, ਕਿਹਾ- 200 ਰੁਪਏ ਦੇ ਪੰਜ ਕਿੱਲੋ ਅਨਾਜ ਨਾਲ ਠੱਗਿਆ ਮਹਿਸੂਸ ਕਰਦੇ ਹਾਂ

File Photo

 

ਪਟਨਾ - ਭਾਰਤ ਦੇ ਨਾਮਵਰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਵਰਗੇ ਰਾਜਾਂ ਵਿੱਚ ਮਹਿੰਗਾਈ ਅਤੇ ਘੱਟ ਉਦਯੋਗਿਕ ਵਿਕਾਸ ਦੇ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਹਮਲਾ ਬੋਲਿਆ। ਕਿਸ਼ੋਰ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਨਰਕਟੀਆਗੰਜ ਸਬ-ਡਿਵੀਜ਼ਨ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਹ ਆਪਣੇ ਜੱਦੀ ਰਾਜ (ਬਿਹਾਰ) ਦੀ ਸੂਬਾ ਪੱਧਰੀ ਪੈਦਲ ਯਾਤਰਾ 'ਤੇ ਹਨ।

ਕਿਸ਼ੋਰ ਦੇ ਭੋਜਪੁਰੀ 'ਚ ਦਿੱਤੇ ਇੱਕ ਭਾਸ਼ਣ ਦੀ ਵੀਡੀਓ ਕਲਿੱਪ 'ਜਨ ਸੁਰਾਜ' ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਰਾਜ ਵਿਆਪੀ ਯਾਤਰਾ ਖਤਮ ਹੋਣ ਤੋਂ ਬਾਅਦ ਇਸ ਦੇ (ਜਨ  ਸੁਰਾਜ) ਸਿਆਸੀ ਪਾਰਟੀ ਵਿੱਚ ਤਬਦੀਲ ਕੀਤੇ ਜਾਣ ਦੀ ਸੰਭਾਵਨਾ ਹੈ।

ਕਿਸ਼ੋਰ ਨੇ ਕਿਹਾ, ''ਅਸੀਂ ਹਰ-ਹਰ ਮੋਦੀ, ਘਰ-ਘਰ ਮੋਦੀ ਦਾ ਨਾਅਰਾ ਲਗਾਇਆ ਅਤੇ ਉਹ ਪ੍ਰਧਾਨ ਮੰਤਰੀ ਬਣ ਗਏ। ਰਸੋਈ ਗੈਸ ਸਿਲੰਡਰ ਦੀ ਕੀਮਤ 500 ਰੁਪਏ ਤੋਂ ਵਧ ਕੇ 1,300 ਰੁਪਏ ਪ੍ਰਤੀ ਸਿਲੰਡਰ ਹੋ ਗਈ... ਜੇਕਰ ਉਹ (ਪ੍ਰਧਾਨ ਮੰਤਰੀ) ਇੱਕ ਵਾਰ ਹੋਰ ਚੁਣੇ ਗਏ, ਤਾਂ ਕੀਮਤ 2,000 ਰੁਪਏ ਪ੍ਰਤੀ ਸਿਲੰਡਰ ਤੱਕ ਪਹੁੰਚ ਜਾਵੇਗੀ।"

ਜ਼ਿਕਰਯੋਗ ਹੈ ਕਿ ਕਿਸ਼ੋਰ ਨੇ 2014 ਵਿੱਚ ਮੋਦੀ ਦੀ ਚੋਣ ਪ੍ਰਚਾਰ ਮੁਹਿੰਮ 'ਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਕਈ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਚੁਣਾਵੀ ਜਿੱਤਾਂ ਦਾ ਸਿਹਰਾ ਵੀ ਕਿਸ਼ੋਰ ਨੂੰ ਦਿੱਤਾ ਗਿਆ। ਮੌਜੂਦਾ ਸਰਕਾਰ (ਕੇਂਦਰ ਦੀ) ਦੇ ਕਲਿਆਣਕਾਰੀ ਕਦਮਾਂ ਦੀ ਆਲੋਚਨਾ ਕਰਦੇ ਹੋਏ ਕਿਸ਼ੋਰ ਨੇ ਕਿਹਾ, "200 ਰੁਪਏ ਦੇ ਪੰਜ ਕਿੱਲੋ ਅਨਾਜ ਨਾਲ ਅਸੀਂ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਾਂ। ਇਸ ਦੀ ਬਜਾਏ ਸਾਨੂੰ 500 ਰੁਪਏ ਦਾ ਸਿਲੰਡਰ ਦੇ ਦਿਓ।"

ਉਨ੍ਹਾਂ ਇਹ ਵੀ ਕਿਹਾ ਕਿ ਗੁਜਰਾਤ ਵਰਗੇ ਸੂਬਿਆਂ ਵਿੱਚ ਹੀ ਉਦਯੋਗ ਸਥਾਪਿਤ ਕੀਤੇ ਜਾ ਰਹੇ ਹਨ, ਜਿਹੜਾ ਕਿ ਮੋਦੀ ਦਾ ਆਪਣਾ ਸੂਬਾ ਹੈ। ਇੰਡੀਅਨ ਪੋਲੀਟਿਕਲ ਐਕਸ਼ਨ ਕਮੇਟੀ (I-pac)  ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਅੱਗੇ ਕਿਹਾ, “ਮੋਦੀ ਨੇ ਬਿਹਾਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਇੱਥੇ ਮੋਰੀਬੰਦ ਸ਼ੂਗਰ ਮਿੱਲ ਨੂੰ ਮੁੜ ਚੱਲਦਾ ਕਰਨਗੇ ਅਤੇ ਸਥਾਨਕ ਤੌਰ 'ਤੇ ਪੈਦਾ ਕੀਤੀ ਖੰਡ ਨਾਲ ਚਾਹ 'ਚ ਮਿਠਾਸ ਘੋਲਣਗੇ। ਪਰ ਕੁਝ ਨਹੀਂ ਕੀਤਾ ਗਿਆ।"

ਕਿਸ਼ੋਰ ਨੇ ਕਿਹਾ, ''ਸਾਡੇ ਨੌਜਵਾਨ ਹਾਲੇ ਵੀ ਗੁਜਰਾਤ ਵਰਗੀਆਂ ਥਾਵਾਂ 'ਤੇ ਜਾ ਰਹੇ ਹਨ ਜਿੱਥੇ ਉਨ੍ਹਾਂ ਦੇ ਉਦਯੋਗ ਹਨ। 26 ਸੰਸਦ ਮੈਂਬਰ ਦੇਣ ਵਾਲੇ ਗੁਜਰਾਤ ਲਈ ਐਨਾ ਕੁਝ। ਉੱਥੇ ਹੀ 40 ਸੰਸਦ ਮੈਂਬਰਾਂ ਵਾਲੇ ਬਿਹਾਰ ਨੂੰ ਐਨਾ ਘੱਟ...।"