ਪਰਚੀ ਨੂੰ ਲਵ ਲੈਟਰ ਸਮਝ ਬੈਠੀ ਲੜਕੀ: ਭਰਾਵਾਂ ਨੇ ਲੜਕੇ ਨੂੰ ਉਤਾਰਿਆ ਮੌਤ ਦੇ ਘਾਟ
ਪੁਲਿਸ ਨੇ ਦੱਸਿਆ ਕਿ ਸਾਰੇ ਹਮਲਾਵਰ ਨਾਬਾਲਿਗ ਸਨ ਅਤੇ ਉਨ੍ਹਾਂ ਨੂੰ ਬਾਲ ਘਰ ਭੇਜ ਦਿੱਤਾ ਗਿਆ ਹੈ।
ਭੋਜਪੁਰ: ਬਿਹਾਰ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ 12 ਸਾਲਾ ਲੜਕੇ ਨੂੰ ਉਸ ਦੇ ਕਲਾਸ ਵਿਚ ਪੜ੍ਹਦੇ ਵਿਦਿਆਰਥੀਆਂ ਨੇ ਕੁੱਟ-ਕੁੱਟ ਕੇ ਮੌਤ ਦੀ ਘਾਟ ਉਤਾਰ ਦਿੱਤਾ। ਦਰਅਸਲ ਮ੍ਰਿਤਕ ਲੜਕੇ ਨੇ ਇੱਕ ਲੜਕੀ ਕੋਲ ਪਰਚੀ ਸੁੱਟੀ ਤੇ ਲੜਕੀ ਦੀ ਭਰਾ ਨੂੰ ਭੁਲੇਖਾ ਸੀ ਕਿ ਮ੍ਰਿਤਕ ਲੜਕੇ ਨੇ ਉਸ ਦੀ ਭੈਣ ਕੋਲ ਲਵ ਲੈਟਰ ਸੁੱਟਿਆ ਹੈ। ਜਦਕਿ ਅਸਲ 'ਚ ਲੜਕੇ ਨੇ ਪੇਪਰ ਦੇ ਰਹੀ ਆਪਣੀ ਭੈਣ ਲਈ ਪਰਚੀ ਸੁੱਟੀ ਸੀ ਜੋ ਕਿ ਗਲਤੀ ਨਾਲ ਦੂਜੀ ਲੜਕੀ ਦੇ ਲੱਗ ਗਈ।
ਇਹ ਘਟਨਾ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੀ ਹੈ। ਪੁਲਿਸ ਨੂੰ ਬੀਤੇ ਦਿਨ ਮਹਿਤਬਨੀਆ ਹਾਲਟ ਸਟੇਸ਼ਨ ਨੇੜੇ ਰੇਲਵੇ ਟਰੈਕ ਦੇ ਕੋਲ ਖਿੱਲਰੇ ਹੋਏ ਉਸ ਦੇ ਸਰੀਰ ਦੇ ਅੰਗ ਬਰਾਮਦ ਕੀਤੇ ਸਨ। ਪੁਲਿਸ ਨੇ ਲੜਕੀ ਦੇ ਭਰਾ ਅਤੇ ਉਸ ਦੇ ਦੋਸਤਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਸਟੇਟ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਮਦਦ ਵੀ ਲਈ ਹੈ। ਪੁਲਿਸ ਮੁਤਾਬਕ ਲੜਕੇ ਦਾ ਸਿਰ ਵੱਢਿਆ ਗਿਆ ਸੀ ਅਤੇ ਉਸ ਦੀਆਂ ਬਾਹਾਂ ਅਤੇ ਲੱਤਾਂ ਵੀ ਕੱਟ ਦਿੱਤੀਆਂ ਗਈਆਂ ਸਨ। ਇਸ ਖੁਲਾਸੇ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪੁਲਿਸ ਦਾ ਦਾਅਵਾ ਹੈ ਕਿ ਪਿਛਲੇ ਹਫ਼ਤੇ 5ਵੀਂ ਜਮਾਤ ਦਾ ਵਿਦਿਆਰਥੀ ਆਪਣੀ ਭੈਣ ਨੂੰ ਪ੍ਰੀਖਿਆ ਦਿਵਾਉਣ ਲਈ ਮਿਡਲ ਸਕੂਲ ਲੈ ਗਿਆ ਸੀ। ਉਸ ਦੀ ਭੈਣ 6ਵੀਂ ਜਮਾਤ ਵਿੱਚ ਪੜ੍ਹਦੀ ਹੈ।
ਪੁਲਿਸ ਨੇ ਦੱਸਿਆ ਕਿ ਪ੍ਰੀਖਿਆ ਦੌਰਾਨ ਵਿਦਿਆਰਥੀ ਨੇ ਆਪਣੀ ਭੈਣ ਦੀ ਮਦਦ ਲਈ ਪ੍ਰੀਖਿਆ ਹਾਲ 'ਚ ਚਿੱਟ ਸੁੱਟ ਦਿੱਤੀ। ਕਾਗਜ਼ ਦਾ ਇਹ ਟੁਕੜਾ ਗਲਤੀ ਨਾਲ ਕਿਸੇ ਹੋਰ ਲੜਕੀ ਨੂੰ ਲੱਗ ਗਿਆ। ਕੁੜੀ ਨੇ ਸੋਚਿਆ ਕਿ ਮੁੰਡੇ ਨੇ ਉਸ ਨੂੰ ਲਵ ਲੈਟਰ ਸੁੱਟਿਆ ਹੈ। ਉਸ ਨੇ ਸਕੂਲ ਤੋਂ ਬਾਅਦ ਇਸ ਬਾਰੇ ਆਪਣੇ ਭਰਾਵਾਂ ਨੂੰ ਦੱਸਿਆ। ਪੁਲਿਸ ਮੁਤਾਬਕ ਵਿਦਿਆਰਥਣ ਦੇ ਭਰਾਵਾਂ ਅਤੇ ਉਨ੍ਹਾਂ ਦੇ ਦੋਸਤਾਂ ਨੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਪੇਪਰ ਦੇਣ ਮਗਰੋਂ ਜਦੋਂ ਵਿਦਿਆਰਥੀ ਦੀ ਭੈਣ ਘਰ ਪਹੁੰਚੀ ਤਾਂ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾ ਦੱਸੀ। ਲੜਕੇ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਪੁਲਿਸ ਨੂੰ ਸੂਚਨਾ ਦਿੱਤੀ। ਸੋਮਵਾਰ ਨੂੰ ਸਥਾਨਕ ਮੰਦਰ ਨੇੜੇ ਇਕ ਪਿੰਡ ਵਾਸੀ ਨੇ ਹੱਥ ਪਿਆ ਦੇਖਿਆ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸਹਾਇਕ ਪੁਲਿਸ ਸੁਪਰਡੈਂਟ (ਏਐਸਪੀ) ਹਿਮਾਂਸ਼ੂ ਨੇ ਦੱਸਿਆ ਕਿ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਲਾਪਤਾ ਲਾਸ਼ ਨੂੰ ਲੱਭਣ ਲਈ ਪੂਰੇ ਖੇਤਰ ਨੂੰ ਬੈਰੀਕੇਡਿੰਗ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਜਦੋਂ ਬਾਕੀ ਅੰਗ ਵੀ ਮਿਲੇ ਤਾਂ ਪਰਿਵਾਰਕ ਮੈਂਬਰਾਂ ਨੂੰ ਸ਼ਨਾਖਤ ਲਈ ਬੁਲਾਇਆ ਗਿਆ। ਉਨ੍ਹਾਂ ਕੱਪੜਿਆਂ ਤੋਂ ਪਛਾਣ ਲਿਆ, ਜਿਸ ਤੋਂ ਬਾਅਦ ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਲਾਪਤਾ ਲੜਕੇ ਦੀ ਲਾਸ਼ ਹੈ। ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਵਿਨੋਦ ਕੁਮਾਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਕੁਝ ਜਾਣਕਾਰੀ ਲੈਣ ਲਈ ਲੜਕੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ 12 ਸਾਲ ਦਾ ਬੱਚਾ ਬਹੁਤ ਹੀ ਹੁਸ਼ਿਆਰ ਲੜਕਾ ਸੀ। ਪੁਲਿਸ ਨੇ ਦੱਸਿਆ ਕਿ ਸਾਰੇ ਹਮਲਾਵਰ ਨਾਬਾਲਿਗ ਸਨ ਅਤੇ ਉਨ੍ਹਾਂ ਨੂੰ ਬਾਲ ਘਰ ਭੇਜ ਦਿੱਤਾ ਗਿਆ ਹੈ।